ਸੜਕ ਦਾ ਕੰਮ ਅੱਧਵਾਟੇ ਛੱਡਣ ਖ਼ਿਲਾਫ਼ ਧਰਨਾ
ਬੁਲਾਰਿਆਂ ਕਿਹਾ ਹਰਚੋਵਾਲ ਤੋਂ ਡੱਲਾ ਮੋੜ ਕਾਦੀਆਂ ਤੱਕ ਸੜਕ ਪੁੱਟ ਕੇ ਦੁਬਾਰਾ ਬਣਾਉਣ ਦਾ ਕੰਮ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਠੇਕੇਦਾਰ ਨੇ ਲਗਪਗ ਡੇਢ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਸੜਕ ਉੱਪਰ ਮੋਟਾ ਪੱਥਰ ਪਾ ਕੇ ਲੰਮੇ ਸਮੇਂ ਤੋਂ ਕੰਮ ਅੱਧਵਾਟੇ ਛੱਡਿਆ ਹੋਇਆ ਹੈ। ਸੜਕ ਵਿੱਚ ਪਏ ਟੋਇਆਂ ਅਤੇ ਮੋਟੇ ਪੱਥਰ ਕਾਰਨ ਮੋਟਰਸਾਈਕਲ, ਕਾਰ, ਬੱਸਾਂ, ਸਕੂਲ ਵਾਹਨਾਂ ਅਤੇ ਰਾਹਗੀਰਾਂ ਦਾ ਇੱਥੋਂ ਲੰਘਣਾ ਔਖਾ ਹੋਇਆ ਪਿਆ ਹੈ ਅਤੇ ਆਏ ਦਿਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਸੜਕ ਹਰਚੋਵਾਲ-ਕਾਦੀਆਂ-ਬਟਾਲਾ ਦੀ ਮੁੱਖ ਸੜਕ ਹੋਣ ਕਰਕੇ ਇੱਥੋਂ ਦੀ ਰੋਜ਼ਾਨਾ ਇਲਾਕੇ ਦੇ ਕਰੀਬ 35 ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਪਰ ਸਬੰਧਿਤ ਵਿਭਾਗ ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਇੱਥੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਹੈ। ਸਬੰਧਤ ਠੇਕੇਦਾਰ ਰਾਹੁਲ ਵੱਲੋਂ 10 ਦਿਨਾਂ ਵਿੱਚ ਸੜਕ ਬਣਾਉਣ ਦੇ ਦਿੱਤੇ ਭਰੋਸੇ ਮਗਰੋਂ ਧਰਨਾ ਚੁੱਕਿਆ। ਧਰਨੇ ਦੌਰਾਨ ਕਿਸਾਨ ਆਗੂ ਜਗਤਾਰ ਸਿੰਘ ਖਾਲਸਾ, ਦਿਲਬਾਗ ਸਿੰਘ ਬਸਰਾਵਾਂ, ਦੁਕਾਨਦਾਰ ਯੂਨੀਅਨ ਦੇ ਆਗੂ ਡਾ.ਭੁਪਿੰਦਰ ਸਿੰਘ ਗਿੱਲ, ਅੱਡਾ ਯੂਨੀਅਨ ਦੇ ਪ੍ਰਧਾਨ ਡਾ. ਗੁਰਿੰਦਰ ਪਾਲ ਸਿੰਘ ਸਾਬੀ, ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਔਲਖ, ਬਚਨ ਸਿੰਘ ਭਾਮੜੀ ਤੇ ਕਿਸਾਨ ਆਗੂ ਸੋਨੂੰ ਔਲਖ ਆਦਿ ਆਗੂਆਂ ਸੰਬੋਧਨ ਕੀਤਾ।
