ਖਾਲੜਾ ਮਾਮਲੇ ’ਚ ‘ਆਪ’ ਸਰਕਾਰ ਖਿਲਾਫ਼ ਮੁਜ਼ਾਹਰਾ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਪੁਲੀਸ ਕਰਮੀਆਂ ਦੀ ਰਿਹਾਈ ਵਿਰੁੱਧ ਨਾਰਾਜ਼ਗੀ ਜ਼ਾਹਰ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਕਤਲ ਮਾਮਲੇ ਵਿੱਚ ਪੁਲੀਸ ਕਰਮਚਾਰੀਆਂ ਨੂੰ ਜੇਲ੍ਹ ਵਿੱਚੋਂ ਕਥਿਤ ਗੈਰ-ਕਾਨੂੰਨੀ ਤੌਰ ’ਤੇ ਰਿਹਾਅ ਕੀਤੇ ਜਾਣ ਦੇ ਰੋਸ ਵਜੋਂ ਅੱਜ ‘ਆਪ’ ਸਰਕਾਰ ਖਿਲਾਫ਼ ਸਥਾਨਕ ਭੰਡਾਰੀ ਪੁਲ ’ਤੇ ਰੋਸ ਵਿਖਾਵਾ ਕੀਤਾ ਗਿਆ। ਭੰਡਾਰੀ ਪੁਲ ’ਤੇ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਨੇੜੇ ਕੀਤੇ ਗਏ ਇਸ ਰੋਸ ਵਿਖਾਵੇ ਦੌਰਾਨ
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਅਤੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਪੜਤਾਲ ਲਈ ਲੋਕ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ
ਜਥੇਬੰਦੀ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਬਾਬਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਹੁਣ ਤੱਕ ਦੀਆਂ ਸਰਕਾਰਾਂ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਹੱਕ ਵਿੱਚ ਅਤੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੇ ਹੱਕ ਵਿੱਚ ਭੁਗਤਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦਾ ਵਾਰਿਸ ਦੱਸਦੀ ਹੈ, ਉਸ ਨੇ ਖਾਲੜਾ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਸਪਾਲ ਸਿੰਘ ਡੀ ਐੱਸ ਪੀ ਤੇ ਹੋਰਾਂ ਨੂੰ ਕਥਿਤ ਤੌਰ ’ਤੇ ਮੁਆਫੀ ਦੇ ਕੇ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੱਸੇ ਕਿ ਇਹ ਸਾਰੇ ਕਿੱਥੇ ਹਨ? ਖਾਲੜਾ ਮਿਸ਼ਨ ਵੱਲੋਂ ਲਗਾਤਾਰ ਅਦਾਲਤਾਂ ਵਿੱਚ ਅਤੇ ਸੜਕਾਂ ’ਤੇ ਸੰਘਰਸ਼ ਕੀਤਾ ਗਿਆ, ਪਰ ਦੂਜੇ ਪਾਸੇ ਕਥਿਤ ਕਾਤਲਾਂ ਨੂੰ ਬਚਾਉਣ ਲਈ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਲੱਗੀਆਂ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਲਿਟੀਗੇਸ਼ਨ ਸੈੱਲ ਬਣਾ ਕੇ ਉਨ੍ਹਾਂ ਦੀ ਮਾਇਕ ਅਤੇ ਕਾਨੂੰਨੀ ਮਦਦ ਕੀਤੀ ਹੈ। ਸਾਰਿਆਂ ਨੇ ਫੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਰਾਹੀਂ ਹੋਈ ਕੁਲਨਾਸ਼ ਉੱਪਰ ਪਰਦਾ ਪਾਇਆ।
ਉਨ੍ਹਾਂ ਆਖਿਆ ਕਿ ਸਿੱਖ ਪੰਥ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ, ਬੰਦੀ ਸਿੱਖਾਂ ਦੀ ਰਿਹਾਈ ਅਤੇ ਚੁਣੇ ਹੋਏ ਸੰਸਦ ਮੈਂਬਰ ਦੀ ਰਿਹਾਈ ਦੀ ਮੰਗ ਕਰ ਰਿਹਾ ਪਰ ਸਰਕਾਰਾਂ ਨੇ ਇਹ ਮੰਗਾਂ ਨੂੰ ਅਣਗੌਲਿਆਂ ਕੀਤਾ ਹੈ ਅਤੇ ਉਸ ਦੀ ਥਾਂ ਭਾਈ ਖਾਲੜਾ ਦੇ ਕਥਿਤ ਕਾਤਲਾਂ ਨੂੰ ਰਿਹਾਅ ਕਰ ਦਿੱਤਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਜਾਇਦਾਦਾਂ ਬਣਾਉਣ ਵਾਲਿਆਂ ਦੀ ਨਿਰਪੱਖ ਪੜਤਾਲ ਲਈ ਕਮਿਸ਼ਨ ਬਣਨਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਦੇ ਚਿਹਰੇ ਨੰਗੇ ਹੋਣੇ ਚਾਹੀਦੇ ਹਨ। ਜਥੇਬੰਦੀਆਂ ਨੇ ਦੁੱਖ ਪ੍ਰਗਟ ਕੀਤਾ ਕਿ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਅਤੇ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਬਾਰੇ ਕਮਿਸ਼ਨ ਬਣਨਾ ਚਾਹੀਦਾ ਸੀ ਜੋ ਕਿ ਅੱਜ ਤੱਕ ਨਹੀਂ ਬਣ ਸਕਿਆ। ਇਸ ਰੋਸ ਮੁਜ਼ਾਹਰੇ ਵਿੱਚ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ, ਹਰਦਿਆਲ ਸਿੰਘ ਘਰਿਆਲਾ, ਸੁਖਵਿੰਦਰ ਸਿੰਘ ਤਰਨ ਤਾਰਨ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਜਸਬੀਰ ਸਿੰਘ ਪੱਟੀ, ਨਿਰਮਲ ਸਿੰਘ, ਹਰਮਨਦੀਪ ਸਿੰਘ ਸਰਹਾਲੀ, ਵਿੱਕੀ ਜੋਧਪੁਰ, ਬੌਬੀ ਕੁਮਾਰ, ਸੋਨੂੰ ਹਰੀਕੇ, ਮਾਤਾ ਵੀਰ ਕੌਰ ਢੋਟੀਆਂ, ਕਮਲਜੀਤ ਕੌਰ, ਬਲਵਿੰਦਰ ਸਿੰਘ ਸੰਧਾ, ਦਲਬੀਰ ਸਿੰਘ ਭੀਲੋਵਾਲ, ਡਾਕਟਰ ਕਾਬਲ ਸਿੰਘ, ਸੁਰਿੰਦਰ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।

