ਰਾਸ਼ਟਰਪਤੀ ਨੇ ਜੀਐੱਨਡੀਯੂ ਨੂੰ ਦਿੱਤੀ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ : The Tribune India

ਰਾਸ਼ਟਰਪਤੀ ਨੇ ਜੀਐੱਨਡੀਯੂ ਨੂੰ ਦਿੱਤੀ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’

ਰਾਸ਼ਟਰਪਤੀ ਨੇ ਜੀਐੱਨਡੀਯੂ ਨੂੰ ਦਿੱਤੀ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’

ਰਾਸ਼ਟਰਪਤੀ ਦਰੌਪਦੀ ਮੁਰਮੂ ਕੋਲੋਂ ਟਰਾਫੀ ਪ੍ਰਾਪਤ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ।

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 30 ਨਵੰਬਰ

ਭਾਰਤ ਦੀ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦਿੱਲੀ ਵਿੱਚ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਸਰਵਉੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ” ਪ੍ਰਦਾਨ ਕੀਤੀ। ਇਹ ਟਰਾਫੀ ਪ੍ਰਾਪਤ ਕਰਨ ਮੌਕੇ ਉਪ ਕੁਲਪਤੀ ਦੇ ਨਾਲ ਡਾਇਰੈਕਟਰ (ਸਪੋਰਟਸ) ਡਾ. ਕੰਵਰ ਮਨਦੀਪ ਸਿੰਘ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ। ਰਾਸ਼ਟਰਪਤੀ ਨੇ ਇਸ ਮੌਕੇ ਵਾਈਸ ਚਾਂਸਲਰ ਨੂੰ ਟਰਾਫੀ ਦੇ ਨਾਲ ਖੇਡਾਂ ਦੇ ਵਿਕਾਸ ਅਤੇ ਤਰੱਕੀ ਲਈ 15 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵੀ ਭੇਟ ਕੀਤੀ। ਟਰਾਫੀ ਪ੍ਰਦਾਨ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਬਾਰੇ ਇੱਕ ਸ਼ੋਭਾ ਪੱਤਰ ਵੀ ਪੜ੍ਹਿਆ ਗਿਆ। ਯੂਨੀਵਰਸਿਟੀ ਨੇ ਇਹ ਵੱਕਾਰੀ ਟਰਾਫੀ 24ਵੀਂ ਵਾਰ ਜਿੱਤੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਸਾਲ 2021-2022 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਕੇ ਭਾਰਤ ਦੀ ਸਰਵੋਤਮ ਮਾਕਾ ਟਰਾਫੀ ਜਿੱਤੀ ਹੈ। ਉਪ ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਨੇ 24ਵੀਂ ਵਾਰ ਇਹ ਸਰਵਉੱਚ ਟਰਾਫੀ ਜਿੱਤ ਕੇ ਇੱਕ ਵਾਰ ਫਿਰ ਖੇਡਾਂ ਦੇ ਖੇਤਰ ਵਿੱਚ ਭਾਰਤ ਦੀ ਸਿਰਮੌਰ ਯੂਨੀਵਰਸਿਟੀ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਦੀ ਇਸ ਮਹੱਤਵਪੂਰਨ ਪ੍ਰਾਪਤੀ ’ਤੇ ਉਨ੍ਹਾਂ ਕਾਲਜਾਂ ਦੇ ਪ੍ਰਿੰਸੀਪਲਾਂ, ਕੋਚਾਂ, ਖੇਡ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਪਹਿਲੀ ਦਸੰਬਰ ਨੂੰ ਮਾਕਾ ਟਰਾਫੀ ਲੈ ਕੇ ਯੂਨੀਵਰਸਿਟੀ ਪਹੁੰਚਣਗੇ। ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗਾਂ ਦੇ ਮੁਖੀ, ਅਧਿਆਪਕ, ਸਪੋਰਟਸ ਵਿਭਾਗ ਦੇ ਕੋਚ ਆਦਿ ਟਰਾਫੀ ਲੈ ਕੇ ਯੂਨੀਵਰਸਿਟੀ ਪੁੱਜਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਨਗੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸਵਾਗਤ ਪ੍ਰੋਗਰਾਮ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All