ਦਲਬੀਰ ਸੱਖੋਵਾਲੀਆ
ਬਟਾਲਾ, 9 ਅਗਸਤ
ਪ੍ਰਸ਼ਾਸਨ ਨੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਜ਼ੋਰ-ਸ਼ੋਬ ਨਾਲ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਐੱਸ.ਡੀ.ਐੱਮ ਤੇ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ਼ਾਇਰੀ ਭੰਡਾਰੀ ਵੱਲੋਂ ਅੱਜ ਜਲੰਧਰ ਰੋਡ ’ਤੇ ਚੱਲ ਰਹੇ ਸੀਵਰੇਜ ਦੇ ਕੰਮ ਦਾ ਮੁਆਇਨਾ ਕੀਤਾ ਗਿਆ। ਇਸ ਤੋਂ ਬਾਅਦ ਸ੍ਰੀਮਤੀ ਭੰਡਾਰੀ ਨੇ ਦੱਸਿਆ ਕਿ ਸੀਵਰੇਜ ਬੋਰਡ ਵੱਲੋਂ ਜਲੰਧਰ ਰੋਡ ’ਤੇ 3 ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ 10 ਵਰਕਰ ਲਗਾਤਾਰ ਕੰਮ ਕਰ ਰਹੇ ਹਨ। ਅਗਲੇ ਤਿੰਨ ਦਿਨਾਂ ਵਿੱਚ ਜਲੰਧਰ ਰੋਡ ’ਤੇ ਸੀਵਰੇਜ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਸੈਨੇਟਰੀ ਇੰਸਪੈਕਟਰਾਂ ਤੇ ਸੁਪਰਵਾਈਜ਼ਰਾਂ ਦੇ ਅਧੀਨ ਕਮੇਟੀਆਂ ਗਠਿਤ ਕਰ ਦਿੱਤੀਆਂ ਹਨ। ਸਥਾਨਕ ਜਲੰਧਰ ਰੋਡ ’ਤੇ ਕਾਦੀਆਂ ਚੁੰਗੀ ਦੇ ਕੋਲ ਜੋ ਫ਼ਲਾਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ, ਸੜਕ ਤੋਂ ਪਿੱਛੇ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸੇ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਜਲੰਧਰ ਰੋਡ ਉਪਰ ਸੀਵਰੇਜ ਪੈਣ ਕਾਰਨ ਇਸ ਸੜਕ ਦੀ ਹਾਲਤ ਜ਼ਿਆਦਾ ਖਸਤਾ ਹੋਈ ਪਈ ਸੀ ਜਿਸ ਨੂੰ ਪਹਿਲ ਦੇ ਆਧਾਰ ’ਤੇ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਕੰਮਾਂ ਦੀ ਖੁਦ ਨਿਗਾਰਨੀ ਕਰ ਰਹੇ ਹਨ ਅਤੇ ਅਧਿਕਾਰੀਆਂ ਕੋਲੋਂ ਰੋਜ਼ਾਨਾ ਪ੍ਰਗਤੀ ਰਿਪੋਰਟ ਲਈ ਜਾ ਰਹੀ ਹੈ।