ਬਠਿੰਡਾ ਡੀ ਸੀ ਦਫ਼ਤਰ ਦੇ ਘਿਰਾਉ ਦੀ ਤਿਆਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੇ ਕਿਸਾਨ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 6 ਫਰਵਰੀ ਨੂੰ ਬਠਿੰਡਾ ਦੇ ਡੀ ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਥੇਬੰਦੀ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਗੁਰਦੁਆਰਾ ਮੋਰਚਾ ਸਾਹਿਬ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੇ ਕਿਸਾਨ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 6 ਫਰਵਰੀ ਨੂੰ ਬਠਿੰਡਾ ਦੇ ਡੀ ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਥੇਬੰਦੀ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਗੁਰਦੁਆਰਾ ਮੋਰਚਾ ਸਾਹਿਬ ਵਿੱਚ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸਗਨਦੀਪ ਸਿੰਘ ਅਤੇ ਬਲਦੇਵ ਸਿੰਘ ਚੌਕੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਹਨ। ਪਿੰਡ ਜਿਉਂਦ ਦੇ ਸੰਘਰਸ਼ੀ ਲੋਕਾਂ ਵੱਲੋਂ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੂਠੇ ਕੇਸ ਵਿੱਚ ਅਪਰੈਲ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਕੀਤੇ ਹੋਏ ਦੋਵੇਂ ਕਿਸਾਨਾਂ ਆਗੂਆਂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ’ਤੇ ਪਾਏ ਝੂਠੇ ਪੁਲੀਸ ਕੇਸ ਵਾਪਸ ਕਰਾਉਣ ਲਈ ਅਤੇ ਪੱਕੀ ਰਿਹਾਈ ਲਈ 6 ਫਰਵਰੀ ਨੂੰ ਬਠਿੰਡਾ ਵਿੱਚ ਸੂਬਾ ਪੱਧਰੀ ਪੱਕਾ ਮੋਰਚਾ ਲਾਇਆ ਜਾਵੇਗਾ।ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਇਹ ਸੰਘਰਸ਼ ਕਿਸਾਨ ਆਗੂਆਂ ਦੀ ਰਿਹਾਈ ਤੱਕ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਪੀੜਤਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਮੁਆਵਜ਼ੇ ਤੇ ਮਾਲਕੀ ਹੱਕ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਪਰਗਟ ਸਿੰਘ ਧਰਮਕੋਟ, ਡਾ ਪਰਮਿੰਦਰ ਸਿੰਘ ਪੰਡੋਰੀ, ਬਲਦੇਵ ਸਿੰਘ ਫੌਜੀ ,ਅਜੈਬ ਸਿੰਘ ਟਰਪਈ, ਨਰਿੰਦਰ ਸਿੰਘ ਭਿੱਟੇਵੱਡ, ਕੁਲਬੀਰ ਜੇਠੂਵਾਲ ,ਕੁਲਦੀਪ ਸਿੰਘ ਨੰਗਲ ,ਪਰਗਟ ਚਾੜਪੁਰ, ਜਸਬੀਰ ਸਿੰਘ, ਗਿਆਨ ਸਿੰਘ ਕੰਦੋਵਾਲੀ ,ਪ੍ਰਤਾਪ ਸਿੰਘ ਲੁਬਾਣਾ ਹਾਜ਼ਰ ਸਨ।
ਹੜ੍ਹ ਪੀੜਤਾਂ ਦੀ ਮਾਲੀ ਮਦਦ
ਤਰਨ ਤਾਰਨ (ਪੱਤਰ ਪ੍ਰੇਰਕ): ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ ਅਤੇ ਜਗੀਰ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ਅੱਜ ਸਭਰਾ ਪਿੰਡ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਮਾਲੀ ਮਦਦ ਦਿੱਤੀ ਗਈ। ਕਿਸਾਨ ਆਗੂਆਂ ਕਿਹਾ ਕਿ ਹੜ੍ਹਾਂ ਦੌਰਾਨ ਹੋਈ ਤਬਾਹੀ ਨੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਭਰਾ ਪਿੰਡ ਦੇ ਕਿਸਾਨਾਂ ਦੇ ਮਕਾਨ ਅਜੇ ਵੀ ਮੁਰੰਮਤ ਨਹੀਂ ਕੀਤੇ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਹੜ੍ਹ ਪੀੜਤ 20 ਕਿਸਾਨ ਪਰਿਵਾਰਾਂ ਨੂੰ ਨਿਗੂਣੀ ਜਿਹੀ ਰਾਸ਼ੀ ਇਕ-ਇਕ ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਚੁੱਪ ਧਾਰ ਲਈ ਹੈ ਅਤੇ ਸਰਕਾਰ ਕੋਲੋਂ ਆਪਣੇ ਹੱਕ ਮਨਵਾਉਣ ਲਈ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ| ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਫੌਜੀ ਬੋੜ ਸਿੰਘ, ਲਖਵਿੰਦਰ ਸਿੰਘ, ਮਾਸਟਰ ਮਨਜੀਤ ਸਿੰਘ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

