Municipal Council ਤੇ Nagar Panchayat ਦੀਆਂ ਚੋਣਾਂ ਲਈ ਤਿਆਰੀਆਂ
ਭਾਜਪਾ ਦੇ ਸੰਭਾਵੀ ੳੁਮੀਦਵਾਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ
ਤਰਨ ਤਰਨ ਜਿਲ੍ਹੇ ਵਿੱਚ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਬਾਰੇ ਰਣਨੀਤੀ ਘੜਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇੱਥੇ ਪਾਰਟੀ ਦੇ ਜ਼ਿਲ੍ਹਾ ਦਫਤਰ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪੱਟੀ ਅਤੇ ਭਿੱਖੀਵਿੰਡ ਤੋਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਆਗੂਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਕੌਮੀ ਸਕੱਤਰ ਅਤੇ ਜੰਮੂ ਤੋਂ ਭਾਜਪਾ ਵਿਧਾਇਕ ਡਾ. ਨਰਿੰਦਰ ਰੈਣਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਆਪਣੀਆਂ ਜੜ੍ਹਾਂ ਹੇਠਲੇ ਪੱਧਰ ’ਤੇ ਲਗਾਉਣ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੱਟੀ ਅਤੇ ਭਿੱਖੀਵਿੰਡ ਤੋਂ ਇਮਾਨਦਾਰ ਅਤੇ ਸਾਫ ਸੁੰਦਰ ਅਕਸ ਵਾਲੇ ਉਮੀਦਵਾਰਾਂ ਨੂੰ ਪਾਰਟੀ ਟਿਕਟ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅੱਜ ਪਾਰਟੀ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਤੀਜੀ ਵਾਰ ਨਰਿੰਦਰ ਮੋਦੀ ਨੂੰ ਸੱਤਾ ਸੌਂਪਣ ਕਰਕੇ ਪਾਰਟੀ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਜਿਸ ਕਰਕੇ ਪੱਟੀ ਅਤੇ ਭਿੱਖੀਵਿੰਡ ਤੋਂ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਕਰਵਾਉਣੀ ਪਾਰਟੀ ਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਪਹਿਲਾਂ ਹੀ ਆਪਣਾ ਧਿਆਨ ਪੱਟੀ ਅਤੇ ਭਿੱਖੀਵਿੰਡ ਦੀ ਚੋਣ ’ਤੇ ਲਗਾਈ ਬੈਠੀ ਹੈ। ਉਨ੍ਹਾਂ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਅਤੇ ਆਗੂਆਂ ਨੂੰ ਚੋਣ ਜਿੱਤਣ ਲਈ ਰਾਤ ਦਿਨ ਇੱਕ ਕਰਨ ਲਈ ਅਪੀਲ ਕੀਤੀ।

