ਪੁਲੀਸ ਨੇ ਖੰਡ ਮਿੱਲ ਅੱਗੇ ਲੱਗੇ ਧਰਨੇ ’ਚੋਂ ਕਿਸਾਨ ਚੁੱਕੇ
ਮਿੱਲ ਦੀ ਜ਼ਮੀਨ ਹੋਰ ਵਿਭਾਗਾਂ ਨੂੰ ਵੰਡਣ ਖ਼ਿਲਾਫ਼ ਜਾਰੀ ਹੈ ਧਰਨਾ; ਕੇਸ ਦਰਜ ਹੋਣ ਮਗਰੋਂ ਕਿਸਾਨ ਨਿਆਂਇਕ ਹਿਰਾਸਤ ’ਚ ਭੇਜੇ
ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਹੋਰ ਵਿਭਾਗਾਂ ਨੂੰ ਅਲਾਟ ਕਰਨ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਜ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕਿਸਾਨ ਆਗੂਆਂ ਦੀ ਗਿਣਤੀ 17 ਦੱਸੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਇਹ ਅੰਦੋਲਨਕਾਰੀ ਬੀਤੀ 23 ਫਰਵਰੀ ਤੋਂ ਇਹ ਜ਼ਮੀਨ ਹੋਰ ਵਿਭਾਗਾਂ ਨੂੰ ਅਲਾਟ ਕਰਨ ਖ਼ਿਲਾਫ਼ ਰਾਤ-ਦਿਨ ਦਾ ਪੱਕਾ ਮੋਰਚਾ ਲਾ ਕੇ ਧਰਨਾ ਦੇ ਰਹੇ ਸਨ। ਜ਼ਮੀਨ ਦਾ ਇੱਕ ਭਾਗ ਪਨਗਰੇਨ ਨੂੰ ਗੁਦਾਮ ਬਣਾਉਣ ਲਈ ਦਿੱਤਾ ਗਿਆ ਹੈ। ਅੱਜ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਪੱਤਰ ਲਿਖ ਕੇ ਕਿਸਾਨ ਜਥੇਬੰਦੀਆਂ ਵੱਲੋਂ ਗੁਦਾਮ ਬਣਾਉਣ ਵਿੱਚ ਰੁਕਾਵਟ ਖੜ੍ਹੀ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਜ਼ਿਲ੍ਹਾ ਮੈਜਿਸਟਰੇਟ ਨੇ ਪੱਤਰ ਜਾਰੀ ਕਰ ਕੇ ਮੌਕੇ ਤੋਂ ਕਿਸਾਨਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਤਹਿਸੀਲਦਾਰ ਨੂੰ ਡਿਊਟੀ ਮੈਜਿਸਟਰੇਟ ਵਜੋਂ ਪੁਲੀਸ ਫੋਰਸ ਨਾਲ ਮੌਕੇ ’ਤੇ ਭੇਜਿਆ। ਜਿਵੇਂ ਹੀ ਕੰਮ ਸ਼ੁਰੂ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਜਿਸ ’ਤੇ ਪੁਲੀਸ ਫੋਰਸ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਉਨ੍ਹਾਂ ਨੂੰ ਨੌਸ਼ਹਿਰਾ ਪੰਨੂੰਆਂ, ਥਾਣਾ ਸਰਹਾਲੀ ਲੈ ਗਈ।
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਨਛੱਤਰ ਸਿੰਘ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਇ ਉਨ੍ਹਾਂ ਉੱਪਰ ਜ਼ੁਲਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਸਹਿਕਾਰੀ ਖੰਡ ਮਿੱਲ ਨੂੰ ਦੁਬਾਰਾ ਚਲਾਉਣ ਤੱਕ ਜਾਰੀ ਰਹੇਗਾ ਅਤੇ ਕਿਸਾਨ ਜਥੇਬੰਦੀਆਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ’ਤੇ ਕਿਸੇ ਹੋਰ ਅਦਾਰੇ ਨੂੰ ਕਾਬਜ਼ ਨਹੀਂ ਹੋਣ ਦੇਣਗੀਆਂ ਕਿਉਂਕਿ ਮਿੱਲ ਦੀ ਜ਼ਮੀਨ ਵਿੱਚ ਕਿਸਾਨ ਵੀ ਬਰਾਬਰ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਇਸ ਮਿੱਲ ’ਤੇ 65 ਫ਼ੀਸਦੀ ਸ਼ੇਅਰ ਕਿਸਾਨਾਂ ਦੇ ਹਨ। ਕਿਸਾਨ ਜਥੇਬੰਦੀਆਂ ਦੇ 17 ਆਗੂਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਐੱਸ ਡੀ ਐੱਮ ਤਰਨ ਤਰਨ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸ ਡੀ ਐੱਮ ਨੇ ਕਿਸਾਨ ਆਗੂਆਂ ਨੂੰ ਕੇਂਦਰੀ ਜੇਲ੍ਹ ਗੋਇੰਦਵਾਲ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ।
ਲਾਲਜੀਤ ਭੁੱਲਰ ਵੱਲੋਂ ਮੀਟਿੰਗ ਦਾ ਸੱਦਾ
ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਭਲਕੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਮੀਟਿੰਗ ਲਈ ਬੁਲਾਇਆ ਹੈ। ਮੀਟਿੰਗ ਦੀ ਪੁਸ਼ਟੀ ਕਿਸਾਨ ਜਥੇਬੰਦੀਆਂ ਦੇ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਡੀ ਸੀ ਦਫ਼ਤਰ ਤੋਂ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਜੋ ਭਲਕੇ ਸ਼ੁੱਕਰਵਾਰ ਨੂੰ ਪੱਟੀ ਵਿੱਚ ਸ਼ਾਮ 4 ਵਜੇ ਹੋਵੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ।

