DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Police Custody Death: ਕਤਲ ਮਾਮਲੇ ’ਚ ਗ੍ਰਿਫ਼ਤਾਰ 20 ਸਾਲਾਂ ਕੁੜੀ ਦੀ ਥਾਣੇ ਦੇ ਬਾਥਰੂਮ ’ਚ ਮੌਤ

ਪੁਲੀਸ ਵੱਲੋਂ ਖ਼ੁਦਕੁਸ਼ੀ ਦਾ ਦਾਅਵਾ; ਪਰਿਵਾਰ ਨੇ ਪੁਲੀਸ ’ਤੇ ਲਾਏ ਗੰਭੀਰ ਦੋਸ਼

  • fb
  • twitter
  • whatsapp
  • whatsapp
featured-img featured-img
ਮ੍ਰਿਤਕਾ ਰਾਜਬੀਰ ਕੌਰ, ਫੋਟੋ: ਰਣਬੀਰ ਸਿੰਘ।
Advertisement

ਸਰਹੱਦੀ ਪਿੰਡ ਕਲਸੀਆਂ ਕਲਾਂ ਵਿੱਚ ਬੀਤੇ ਦਿਨੀਂ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ 20 ਸਾਲਾਂ ਕੁੜੀ ਰਾਜਬੀਰ ਕੌਰ ਦੀ ਐਤਵਾਰ ਦੀ ਰਾਤ ਥਾਣਾ ਭਿੱਖੀਵਿੰਡ ਦੇ ਬਾਥਰੂਮ ਵਿੱਚ ਮੌਤ ਹੋ ਗਈ। ਪੁਲੀਸ ਅਨੁਸਾਰ ਰਾਜਬੀਰ ਕੌਰ ਨੇ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਘਟਨਾ ਤੋਂ ਬਾਅਦ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਕਲਸੀਆਂ ਕਲਾਂ ਵਿੱਚ ਕੁੱਝ ਵਿਅਕਤੀਆਂ ਵੱਲੋਂ ਚੋਰੀ ਦੇ ਸ਼ੱਕ ਨੂੰ ਲੈ ਕੇ ਇੱਕ ਘਰ ਵਿੱਚ ਦਾਖਲ ਹੋ ਕੇ ਕੀਤੇ ਹਮਲੇ ਦੌਰਾਨ 70 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਕੁੱਲ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚ ਰਾਜਬੀਰ ਕੌਰ ਵੀ ਸ਼ਾਮਲ ਸੀ। ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਪਿਛਲੇ ਚਾਰ ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਸੀ।

Advertisement

ਖੁਦਖੁਸ਼ੀ ਸਬੰਧੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰ, ਫੋਟੋ: ਰਣਬੀਰ।

Advertisement

ਪੁਲੀਸ ਮੁਤਾਬਿਕ ਐਤਵਾਰ ਸਵੇਰੇ ਰਾਜਬੀਰ ਕੌਰ ਨੇ ਡਿਊਟੀ ’ਤੇ ਤਾਇਨਾਤ ਮਹਿਲਾ ਕਾਂਸਟੇਬਲ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ। ਬਾਥਰੂਮ ਵਿੱਚ ਜਾਣ ਤੋਂ ਬਾਅਦ ਜਦੋਂ ਉਹ ਕਾਫ਼ੀ ਸਮੇਂ ਤੱਕ ਬਾਹਰ ਨਾ ਆਈ ਤਾਂ ਮਹਿਲਾ ਕਾਂਸਟੇਬਲ ਨੇ ਅੰਦਰ ਜਾ ਕੇ ਦੇਖਿਆ ਤਾਂ ਰਾਜਬੀਰ ਕੌਰ ਨੇ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਸੁਰਸਿੰਘ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਘਟਨਾ ਦੀ ਜਾਣਕਾਰੀ ਪੁਲੀਸ ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ। ਇਸ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਮਾਮਲੇ ਦੀ ਮੈਜਿਸਟਰੇਟ ਜਾਂਚ ਲਈ ਜੇ.ਐੱਮ.ਆਈ.ਸੀ. (JMIC) ਪੱਟੀ ਸਿਮਰਜੀਤ ਸਿੰਘ ਨੂੰ ਨਿਰਦੇਸ਼ ਦਿੱਤੇ ਗਏ ਹਨ।

ਇਸ ਦੌਰਾਨ ਰਾਜਬੀਰ ਕੌਰ ਦੇ ਪਰਿਵਾਰ ਨੇ ਪੁਲੀਸ ਕਾਰਵਾਈ ’ਤੇ ਗੰਭੀਰ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨਾਲ ਕੁਝ ਗ਼ਲਤ ਹੋਇਆ ਹੈ ਅਤੇ ਉਹ ਖ਼ੁਦਕੁਸ਼ੀ ਵਰਗਾ ਕਦਮ ਨਹੀਂ ਚੁੱਕ ਸਕਦੀ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਥਾਣਾ ਭਿੱਖੀਵਿੰਡ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਬੀਰ ਕੌਰ ਨੇ ਬਾਥਰੂਮ ਜਾਣ ਦੀ ਗੱਲ ਕਹੀ ਸੀ। ਪੁਲੀਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕ ਲਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਲੜਕੀ ਨੂੰ ਕਿਸੇ ਕਿਸਮ ਦਾ ਟਾਰਚਰ ਨਹੀਂ ਕੀਤਾ ਗਿਆ। ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੌਰਾਨ ਸਾਰੇ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

Advertisement
×