ਪੱਤਰ ਪ੍ਰੇਰਕ
ਤਰਨ ਤਾਰਨ, 1 ਜੁਲਾਈ
ਬੀਤੀ ਰਾਤ ਥਾਣਾ ਹਰੀਕੇ ਦੇ ਪਿੰਡ ਨਬੀਪੁਰ ਨੇੜੇ ਨਾਕੇ ਤੋਂ ਫ਼ਰਾਰ ਹੋਣ ਲਈ ਪੁਲੀਸ ਊੱਤੇ ਗੋਲੀ ਚਲਾਉਣ ਵਾਲੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ| ਮੁਲਜ਼ਮਾਂ ਕੋਲੋਂ ਪੁਲੀਸ ਨੇ ਦੋ ਪਿਸਤੌਲ ਅਤੇ 100 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਇਸ ਸਬੰਧੀ ਹਰੀਕੇ ਪੁਲੀਸ ਨੇ ਮੁਲਜ਼ਮਾਂ ਵਿਰੁੱਧ 307 (ਇਰਾਦਾ ਕਤਲ), 34 , ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ| ਡੀਐੱਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨਮੇਹਰ ਸਿੰਘ ਵਾਸੀ ਬੂਹ ਹਵੇਲੀਆਂ ਅਤੇ ਮੁਖਤਿਆਰ ਸਿੰਘ ਵਾਸੀ ਰੁਕਨੇਵਾਲ (ਫਿਰੋਜ਼ਪੁਰ) ਦੇ ਤੌਰ ’ਤੇ ਕੀਤੀ ਗਈ ਹੈ| ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਪਾਚੇ ਮੋਟਰ ਸਾਈਕਲ ਨੰਬਰ ਪੀਬੀ-10, ਏ-3766 ’ਤੇ ਇਲਾਕੇ ਅੰਦਰ ਕਿਧਰੇ ਹੈਰੋਇਨ ਵੇਚਣ ਲਈ ਜਾ ਰਹੇ ਸਨ| ਐੱਸਟੀਐੱਫ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਸੂਹ ਦੇ ਅਧਾਰ ’ਤੇ ਨਾਕਾ ਲਗਾਇਆ ਸੀ| ਮੁਲਜ਼ਮ ਜਿਵੇਂ ਹੀ ਨਾਕੇ ਤੇ ਆਏ ਤਾਂ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਹਾਂ ਜਣਿਆਂ ਨੇ ਪਿਸਤੌਲਾਂ ਨਾਲ ਪੁਲੀਸ ਪਾਰਟੀ ਊੱਤੇ ਗੋਲੀਆਂ ਚਲਾ ਦਿੱਤੀਆਂ| ਪੁਲੀਸ ਪਾਰਟੀ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲ ਰਹੀ| ਪੁਲੀਸ ਨੂੰ ਆਸ ਹੈ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਨਸ਼ਿਆਂ ਵਿਰੁੱਧ ਮੁਹਿੰਮ ਅੱਗੇ ਵਧੇਗੀ।