ਪਿੰਡ ਡੱਲਾ ਦੀ ਦਾਣਾ ਮੰਡੀ ਵਿੱਚ ਹੋਏ ਗੋਲੀਕਾਂਡ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਕਰਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਡੱਲਾ ਨੇ ਪੁਲੀਸ ਕਾਰਵਾਈ ’ਤੇ ਸਵਾਲ ਚੁੱਕੇ ਹਨ।
ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਰਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਮੌਕੇ ’ਤੇ ਮੌਜੂਦ ਨਹੀਂ ਸੀ। ਦੋਸਤ ਮਨਦੀਪ ਦੇ ਫੋਨ ’ਤੇ ਉਸ ਨੇ ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਅਤੇ ਫਿਰ ਜਲੰਧਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ।
ਕਰਨਦੀਪ ਨੇ ਦੋਸ਼ ਲਾਇਆ ਕਿ ਅਗਲੇ ਦਿਨ ਰਾਤ ਕਰੀਬ 8 ਵਜੇ ਉਸ ਨੂੰ ਦੋਸਤ ਰਾਹੀਂ ਡੱਲਾ ਪੁਲੀਸ ਚੌਕੀ ਸੱਦਿਆ ਗਿਆ। ਉੱਥੇ ਪਿੰਡ ਦੇ ਕੁਝ ਵਿਅਕਤੀਆਂ ਨਰਿੰਦਰ ਸਿੰਘ ਖਿੰਡਾ, ਓਮਕਾਰ ਸਿੰਘ ਅਤੇ ਇੱਕ ਆੜ੍ਹਤੀਏ ਦੀ ਸ਼ਹਿ ’ਤੇ ਪੁਲੀਸ ਮੁਲਾਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਤੋਂ ਜ਼ਬਰਦਸਤੀ ਬਿਆਨ ’ਤੇ ਦਸਤਖ਼ਤ ਵੀ ਕਰਵਾਏ ਗਏ।
ਉਸ ਨੇ ਕਿਹਾ ਕਿ ਗੋਲੀਬਾਰੀ ਸਮੇਂ ਉਹ ਮੌਕੇ ’ਤੇ ਨਹੀਂ ਸੀ, ਪਰ ਬਿਆਨਾਂ ਨਾਲ ਛੇੜਛਾੜ ਕਰ ਕੇ ਕੁਝ ਲੋਕਾਂ ਦੇ ਨਾਂ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਰਨਦੀਪ ਨੇ ਚਿਤਾਵਨੀ ਦਿੱਤੀ ਕਿ ਜੇ ਉਸ ਖ਼ਿਲਾਫ਼ ਕੋਈ ਝੂਠਾ ਪਰਚਾ ਦਰਜ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਪੁਲੀਸ ਦੀ ਹੋਵੇਗੀ। ਲੋੜ ਪੈਣ ’ਤੇ ਉਹ ਹਾਈ ਕੋਰਟ ਵੀ ਜਾਵੇਗਾ।
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਖਿੰਡਾ ਨੇ ਸਾਰੇ ਦੋਸ਼ਾਂ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦੇ ਹੋਏ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਆੜ੍ਹਤੀ ਲਾਲ ਸਿੰਘ ਤੋਂ ਮਿਲਣ ’ਤੇ ਉਨ੍ਹਾਂ ਨੇ ਤੁਰੰਤ ਪੁਲੀਸ ਚੌਕੀ ਨੂੰ ਦਿੱਤੀ ਸੀ।
ਖਿੰਡਾ ਨੇ ਦਾਅਵਾ ਕੀਤਾ ਕਿ ਚੌਕੀ ’ਚ ਕੋਈ ਕੁੱਟਮਾਰ ਨਹੀਂ ਹੋਈ। ਉਸ ਸਮੇਂ 40-50 ਲੋਕ ਮੌਜੂਦ ਸਨ। ਉਨ੍ਹਾਂ ਸਿਰਫ ਕਰਨਦੀਪ ਦਾ ਹਾਲ-ਚਾਲ ਪੁੱਛਿਆ ਅਤੇ ਪੁਰਾਣੇ ਮਾਮਲੇ ਬਾਰੇ ਗੱਲ ਕੀਤੀ।
ਗਵਾਹ ਸੌਰਵ ਕੁਮਾਰ ਨੇ ਕਿਹਾ ਕਿ ਕਰਨਦੀਪ ਖ਼ੁਦ ਬਿਆਨ ਦਰਜ ਕਰਵਾਉਣ ਆਇਆ ਸੀ। ਪੁਲੀਸ ਨੇ ਉਸ ’ਤੇ ਕੋਈ ਦਬਾਅ ਨਹੀਂ ਪਾਇਆ।
ਥਾਣਾ ਮੁਖੀ ਐੱਸ ਆਈ ਦਵਿੰਦਰ ਪਾਲ ਨੇ ਕਿਹਾ ਕਿ ਕਰਨਦੀਪ ਖ਼ੁਦ ਆਪਣੇ ਦੋਸਤ ਨਾਲ ਚੌਕੀ ਆਇਆ ਸੀ ਅਤੇ ਬਿਆਨਾਂ ’ਤੇ ਉਸ ਦੇ ਦਸਤਖ਼ਤ ਹਨ। ਪੁਲੀਸ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਰਨਦੀਪ ਨੂੰ ਕੋਈ ਇਤਰਾਜ਼ ਹੈ ਤਾਂ ਉਹ ਦੁਬਾਰਾ ਪੱਖ ਰੱਖ ਸਕਦਾ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।

