ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਅਗਸਤ
ਹਲਕਾ ਅਜਨਾਲਾ ਗੁਰੂ ਦੇ ਪਿੰਡ ਮੁੱਛਲ ਵਿੱਚ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਗਿਆਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਪਿੰਡ ਦੇ ਕਿਰਪਾਲ ਸਿੰਘ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਦਾ ਸਸਕਾਰ ਨਹੀਂ ਕੀਤਾ ਅਤੇ ਉਸ ਦੀ ਲਾਸ਼ ਨੂੰ ਰੱਖ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਸਵੇਰੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਨ੍ਹਾਂ ਨਾਲ ਐੱਸਐੱਸਪੀ ਦਿਹਾਤੀ ਧਰੁਵ ਦਹੀਆ, ਐੱਸਡੀਐੱਮ ਬਾਬਾ ਬਕਾਲਾ ਅਤੇ ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ ਮੌਜੂਦ ਸਨ। ਡਿੰਪਾ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਦੀ ਮਦਦ ਅਤੇ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਇਹ ਨਹੀਂ ਮੰਨਿਆ ਗਿਆ। ਫਿਰ ਪ੍ਰਦਰਸ਼ਨਕਾਰੀਆਂ ਦੀ ਕਮੇਟੀ ਨਾਲ ਸੰਸਦ ਮੈਂਬਰ ਅਤੇ ਵਿਧਾਇਕ ਡੈਨੀ ਦੀ ਕਰੀਬ ਅੱਧਾ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਦੀ ਮਦਦ ‘ਤੇ ਸਹਿਮਤੀ ਬਣੀ।
ਇਸ ਦੌਰਾਨ ਉੱਥੇ ਪਿੰਡ ਦੀਆਂ ਕੁਝ ਮਹਿਲਾਵਾਂ ਨੇ ਆ ਕੇ ਸੰਸਦ ਮੈਂਬਰ ਹਲਕਾ ਵਿਧਾਇਕ ਅਤੇ ਐਸਐਸਪੀ ਨੂੰ ਪਿੰਡ ਵਿੱਚ ਨਸ਼ਾ ਵੇਚਣ ਅਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੇ ਸ਼ਰੇਆਮ ਨਾਮ ਦੱਸੇ ਗਏ। ਪਿੰਡ ਦੀਆਂ ਮਹਿਲਾਵਾਂ ਨੇ ਮੰਗ ਕੀਤੀ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਇਨ੍ਹਾਂ ਉਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਧੂ ਸਿੰਘ ਸ਼ਾਹ ਵਾਈਸ ਚੇਅਰਮੈਨ ਜੰਗਲਾਤ ਵਿਭਾਗ, ਚੇਅਰਮੈਨ ਮਾਰਕੀਟ ਕਮੇਟੀ ਗਹਿਰੀ ਮੰਡੀ ਕਸ਼ਮੀਰ ਸਿੰਘ ਜਾਣੀਆਂ, ਜਸਵਿੰਦਰ ਸਿੰਘ ਪੀਏ, ਰਾਣਾ ਜੰਡ ਅਤੇ ਹੋਰ ਬਹੁਤ ਸਾਰੇ ਲੋਕ ਮੌਜੂਦ ਸਨ।