ਜ਼ਹਿਰੀਲੀ ਸ਼ਰਾਬ: ਭਾਜਪਾ ਯੁਵਾ ਮੋਰਚਾ ਵੱਲੋਂ ਨਵਜੋਤ ਸਿੱਧੁੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਗਸਤ

ਭਾਜਪਾ ਯੁਵਾ ਮੋਰਚਾ ਨੇ ਨਾਜਾਇਜ਼ ਸ਼ਰਾਬ ਮਾਮਲੇ ਨੂੰ ਲੈ ਕੇ ਅੱਜ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਘਰ ਦਾ ਘਿਰਾਓ ਕਰਨ ਦਾ ਯਤਨ ਕੀਤਾ ਪਰ ਪੁਲੀਸ ਨੇ ਬੇੈਰੀਕੇਡ ਲਾ ਕੇ ਪ੍ਰਦਰਸ਼ਨਕਾਰੀਆ ਨੁੰ ਰੋਕ ਲਿਆ। ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗੌਤਮ ਅਰੋੜਾ ਨੇ ਆਖਿਆ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਡੰਡੇ ਵੀ ਮਾਰੇ ਅਤੇ ਉਥੋਂ ਭਜਾ ਦਿੱਤਾ। ਉਨ੍ਹਾਂ ਲਗਪਗ ਇੱਕ ਘੰਟਾ ਰੋਸ ਵਿਖਾਵਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪੀੜਤ ਤੇ ਪ੍ਰਭਾਵਿਤ ਪਰਿਵਾਰਾਂ ਲਈ ਨਿਆਂ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਮੌਕੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਭਾਜਪਾ ਕਾਰਕੁਨਾਂ ਵੱਲੋਂ ਵਿਧਾਇਕ ਰਾਜ ਕੁਮਾਰ ਵੇਰਕਾ, ਕੈਬਨਿਟ ਮੰਤਰੀ ਓਪੀ ਸੋਨੀ,ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਘਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ।

ਜ਼ਹਿਰੀਲੀ ਸ਼ਰਾਬ: ਮਹਿਲਾ ਮੋਰਚਾ ਵੱਲੋਂ ਕਾਂਗਰਸ ਖਿਲਾਫ਼ ਨਾਅਰੇਬਾਜ਼ੀ

ਲਹਿਰਾਗਾਗਾ(ਰਮੇਸ਼ ਭਾਰਦਵਾਜ): ਪੰਜਾਬ ਵਿੱਚ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਮਹਿਲਾ ਮੋਰਚਾ ਜ਼ਿਲ੍ਹਾ ਸੰਗਰੂਰ ਦੋ ਦੀ ਪ੍ਰਧਾਨ ਮੰਜੂ ਬਾਲਾ ਦੀ ਅਗਵਾਈ ਹੇਠ ਅੱਜ ਕੈਪਟਨ ਅਮਰਿੰਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਮੰਜੂਬਾਲਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਤਿੰਨ ਹਫ਼ਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ, ਪਰ ਸਾਢੇ ਤਿੰਨ ਸਾਲ ਬਾਅਦ ਵੀ ਨਸ਼ੇ ਘਟਣ ਦੀ ਬਜਾਏ ਵਧਦੇ ਜਾ ਰਹੇ ਹਨ। ਹਰ ਪਾਸੇ ਚਿੱਟੇ, ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੌਕਡਾਊਨ ਦੌਰਾਨ ਦੁਕਾਨਾਂ, ਬੱਸਾਂ, ਸਕੂਲ ਆਦਿ ਤਾਂ ਬੰਦ ਕਰ ਦਿੱਤੇ ਪ੍ਰੰਤੂ ਠੇਕੇ ਖੋਲ੍ਹ ਦਿੱਤੇ, ਜਿਸਦੀ ਕੀਮਤ ਸਾਨੂੰ ਦਰਜਨਾਂ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਦੇ ਕੇ ਚੁਕਾਉਣੀ ਪਈ ਹੈ। ਇਸ ਮੌਕੇ ਮਹਿਲਾ ਮੋਰਚਾ ਦੀਆਂ ਕਾਰਕੁਨਾਂ ਨੇ 'ਕੈਪਟਨ ਭਜਾਓ ਪੰਜਾਬ ਬਚਾਓ' ਦੇ ਨਾਅਰੇ ਲਗਾਏ। 

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਨੇੜੇ ਰੋਸ ਧਰਨਾ

ਮਾਲੇਰਕੋਟਲਾ(ਨਿਜੀ ਪੱਤਰ ਪ੍ਰੇਰਕ): ਮਾਝੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਰੋਸ ਵਜੋਂ ਅੱਜ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਡੀਲੇਸ਼ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਕਾਰਕੁਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਥਾਨਕ ਵਿਧਾਇਕਾ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਮਾਲੇਰਕੋਟਲਾ ਸਥਿਤ ਰਿਹਾਇਸ਼ ਨੇੜੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ। ਇਸ ਮੌਕੇ ਡੀਲੇਸ਼ ਸ਼ਰਮਾ ਨੇ ਕਿਹਾ ਕਿ ਮਾਝੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ 'ਚ ਗੁਟਕਾ ਸਾਹਿਬ ਫੜ ਕੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਪੰਜਾਬ ਚੋਂ ਚਾਰ ਹਫ਼ਤਿਆਂ 'ਚ ਨਸ਼ੇ ਖ਼ਤਮ ਕਰਨ ਦੇ ਵਾਅਦੇ ਸਿਰਫ਼ ਸੱਤਾ ਹਥਿਆਉਣ ਲਈ ਹੀ ਸਨ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਕਰੀਬ ਸਵਾ ਸੌ ਮੌਤਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਕਾਲਾ ਇਤਿਹਾਸ ਹਨ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਸ਼ਰਾਬ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੈ,ਜਿਸ ਨੂੰ ਸਰਕਾਰੀ ਪੁਸ਼ਤਪਨਾਹੀ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 

 

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All