ਅੰਤਰ-’ਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ ਨਾਟਕਾਂ ਦਾ ਮੰਚਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਰਾਜ ਪੱਧਰੀ ਅੰਤਰ-’ਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਡਾ.) ਸਤਬੀਰ ਸਿੰਘ ਗੋਸਲ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਯੁਵਕ ਸੇਵਾਵਾਂ ਵਿਭਾਗ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਰਾਜ ਪੱਧਰੀ ਅੰਤਰ-’ਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਡਾ.) ਸਤਬੀਰ ਸਿੰਘ ਗੋਸਲ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਯੁਵਕ ਸੇਵਾਵਾਂ ਵਿਭਾਗ ਦੀ ਸਰਪ੍ਰਸਤੀ ਹੇਠ ਇਹ ਮੇਲਾ ਕਰਵਾਉਣ ਦੀ ਸ਼ਲਾਘਾ ਕੀਤੀ। ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਰੁਪਿੰਦਰ ਕੌਰ ਵੱਲੋਂ ਵਾਈਸ ਚਾਂਸਲਰ ਦਾ ਯੂਨੀਵਰਸਿਟੀ ਦੇ ਵਿਹੜੇ ਵਿੱਚ ਪੁੱਜਣ ’ਤੇ ਸਵਾਗਤ ਕੀਤਾ ਗਿਆ।
ਜਾਣਕਾਰੀ ਅਨੁਸਾਰ ਯੁਵਕ ਮੇਲੇ ਦੇ ਦੂਜੇ ਦਿਨ ਨਾਟਕ ਖੇਡੇ ਗਏ ਅਤੇ ਥੀਏਟਰ ਦੇ ਕਲਾਕਾਰਾਂ ਨੇ ਪੰਜਾਬ ਦੇ ਪ੍ਰਸਿੱਧ ਕਿੱਸੇ ਕਹਾਣੀਆਂ ਨੂੰ ਆਪਣੀ ਪੇਸ਼ਕਾਰੀ ਨਾਲ ਖੂਬਸੂਰਤ ਅੰਦਾਜ਼ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ, ਜਿਨ੍ਹਾਂ ਵਿੱਚ ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਵਾਲ, ਭਾਰਤ-ਪਾਕਿ ਵੰਡ ਦੇ ਦਰਦ ਸ਼ਾਮਲ ਸਨ। ਨਾਟਕਾਂ ਦਾ ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਭਵਿੱਖ ਦੇ ਕਲਾਕਾਰਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ। ਗਜ਼ਲ ਦੇ ਮੁਕਾਬਲਿਆਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਦੇ ਕਲਾਕਾਰਾਂ ਨੇ ਗਜ਼ਲਾਂ ਨਾਲ ਮੰਤਰ-ਮੁਗਧ ਕੀਤਾ ਅਤੇ ਪੰਜਾਬੀ ਲੋਕ ਗੀਤਾਂ ਨਾਲ ਮੇਲੇ ਦੀ ਸ਼ਾਮ ਨੂੰ ਯਾਦਗਾਰ ਬਣਾਇਆ। ਮੇਲੇ ਦੌਰਾਨ ਫਾਈਨ ਆਰਟਸ ਦੇ ਮੁਕਾਬਲੇ ਵੀ ਕਰਵਾਏ ਗਏ। ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਰਦਾਰੀ ਰਹੀ। ਦੂਜੇ ਦਿਨ ਦੇ ਮੁਕਾਬਲਿਆਂ ਦੀ ਸਮਾਪਤੀ ਉਪਰੰਤ ਯੂਨੀਵਰਸਿਟੀਆਂ ਦੇ ਉੱਭਰਦੇ ਗਾਇਕਾਂ ਵੱਲੋਂ ਆਪਣੀ ਗਾਇਕੀ ਦਾ ਮੁਜ਼ਾਹਰਾ ਕੀਤਾ ਗਿਆ।

