ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਗਸਤ
ਗੁਰੂ ਨਾਨਕ ਦੇਵ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਪਲਾਜ਼ਮਾ ਬੈਂਕ ਅਤੇ ਟੈਲੀਕਾਨਫਰੰਸ ਸੇਵਾ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਰੋਨਾ ਨੂੰ ਮਾਤ ਦੇਣ ਵਾਲੇ ਯੋਧਿਆਂ, ਜਿਨ੍ਹਾਂ ਨੇ ਪਲਾਜ਼ਮਾ ਦਾਨ ਕੀਤਾ ਹੈ ਦਾ ਸਨਮਾਨ ਵੀ ਕੀਤਾ।
ਉਨ੍ਹਾਂ ਹਸਪਤਾਲ ਵਿਚ ਦਾਖ਼ਲ ਕਰੋਨਾ ਦੇ ਮਰੀਜ਼ਾਂ ਲਈ ਟੈਲੀਕਾਨਫਰੰਸ ਸੇਵਾ ਦੀ ਸ਼ੁਰੂਆਤ ਵੀ ਕੀਤੀ। ਇਸ ਸਦਕਾ ਜਿੱਥੇ ਹਸਪਤਾਲ ਵਿਚ ਦਾਖ਼ਲ ਰੋਗੀ ਆਪਣੇ ਪਰਿਵਾਰ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰ ਸਕਣਗੇ, ਉੱਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਅਤੇ ਮਾਨਸਿਕ ਬਿਮਾਰੀਆਂ ਦੇ ਡਾਕਟਰ ਕਰੋਨਾ ਦੇ ਮਰੀਜ਼ਾਂ ਦੀ ਕੌਂਸਲਿੰਗ ਕਰ ਸਕਣਗੇ। ਉਨ੍ਹਾਂ ਇਸ ਸਹੂਲਤ ਲਈ ਫਿਕੀ ਸੰਸਥਾ ਦਾ ਧੰਨਵਾਦ ਵੀ ਕੀਤਾ।
ਸ਼ਾਹਕੋਟ ’ਚ 17 ਪਾਜ਼ੇਟਿਵ ਕੇਸ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਨਗਰ ਪੰਚਾਇਤ ਲੋਹੀਆਂ ਖਾਸ ਦੇ ਤਿੰਨ ਮੁਲਾਜ਼ਮਾਂ, ਬਾਜਵਾ ਕਲਾਂ ਦੇ ਪਟਵਾਰੀ ਅਤੇ ਉਸ ਦੀ ਪਤਨੀ ਸਣੇ ਅੱਜ ਸ਼ਾਹਕੋਟ ’ਚ ਕਰੋਨਾ ਦੇ 17 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਨਿੱਜੀ ਬੈਂਕ ਦੇ 9 ਕਰਮਚਾਰੀ ਪਾਜ਼ੇਟਿਵ
ਗੁਰਦਾਸਪੁਰ (ਜਤਿੰਦਰ ਬੈਂਸ): ਤਿੱਬੜੀ ਰੋਡ ਸਥਿਤ ਨਿੱਜੀ ਬੈਂਕ ਦੇ 9 ਕਰਮਚਾਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਂਜ, ਅੱਜ ਕਰੋਨਾ ਪਾਜ਼ੇਟਿਵ ਦੇ ਕੁੱਲ 42 ਕੇਸ ਸਾਹਮਣੇ ਆਏ ਹਨ।
ਵਿਧਾਇਕ ਅਮਿਤ ਵਿੱਜ ਕਰੋਨਾ ਪਾਜ਼ੇਟਿਵ
ਪਠਾਨਕੋਟ (ਐੱਨ.ਪੀ. ਧਵਨ): ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕ ਇਸ ਸਮੇਂ ਪੂਰੀ ਤਰ੍ਹਾਂ ਸਿਹਤਮੰਦ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਹੀਂ ਹੈ। ਇਸ ਕਰ ਕੇ ਵਿਭਾਗ ਵੱਲੋਂ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਧਾਇਕ ਅਮਿਤ ਵਿੱਜ ਨੂੰ ਹਲਕਾ ਬੁਖਾਰ ਹੋਣ ’ਤੇ ਉਨ੍ਹਾਂ ਪਰਿਵਾਰ ਸਣੇ ਕਰੋਨਾ ਦੀ ਜਾਂਚ ਕਰਵਾਈ ਸੀ, ਅੱਜ ਵਿਧਾਇਕ ਅਮਿਤ ਵਿੱਜ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਜਦੋਂਕਿ ਬਾਕੀ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 28 ਹੋਰ ਨਵੇਂ ਕੇਸ ਕਰੋਨਾ ਪਾਜ਼ੇਟਿਵ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 165 ਹੋ ਗਈ ਹੈ ਜਦੋਂਕਿ 36 ਜਣਿਆਂ ਨੂੰ ਸਿਹਤਯਾਬ ਹੋਣ ’ਤੇ ਘਰਾਂ ਨੂੰ ਭੇਜ ਦਿੱਤਾ ਗਿਆ।
ਚਾਰ ਨਵੀਂਆਂ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ: -ਸੋਨੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਵਿਡ-19 ਕੇਸਾਂ ਦੀ ਜਾਂਚ ਲਈ ਸੋਮਵਾਰ ਨੂੰ ਤਿੰਨ ਸ਼ਹਿਰਾਂ ਵਿਚ ਚਾਰ ਨਵੀਆਂ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ, ਇਸ ਨਾਲ ਪੰਜਾਬ ਦੀ ਰੋਜ਼ਾਨਾ ਕਰੋਨਾ ਟੈਸਟ ਸਮਰੱਥਾ 16 ਹਜ਼ਾਰ ਹੋ ਜਾਵੇਗੀ। ਅੱਜ ਉਹ ਸਰਕਟ ਹਾਊਸ ਵਿਚ ਕਰੋਨਾ ਸਬੰਧੀ ਹਫ਼ਤਾਵਾਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜਿਮ ਤੇ ਯੋਗਾ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੇਂਦਰ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਚਲਾਉਣ।
ਪਟੇਲ ਹਸਪਤਾਲ ਖ਼ਿਲਾਫ਼ ਕਾਰਵਾਈ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਅੱਜ 75 ਹੋਰ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਸੇ ਤਰ੍ਹਾਂ ਇੱਥੋਂ ਪਟੇਲ ਹਸਪਤਾਲ ਵਿੱਚ ਕਰੋਨਾ ਮਰੀਜ਼ ਦੇ ਟੈਸਟ ਕਰਨ ’ਤੇ ਸਰਕਾਰ ਵੱਲੋਂ ਨਿਰਧਾਰਿਤ ਭਾਅ ਤੋਂ ਵੱਧ ਪੈਸੇ ਵਸੂਲਣ ਦੇ ਦੋਸ਼ ਡੀਸੀ ਵੱਲੋਂ ਕਰਵਾਈ ਜਾਂਚ ਦੌਰਾਨ ਸਹੀ ਸਾਬਿਤ ਹੋਏ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪਟੇਲ ਹਸਪਤਾਲ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ।