ਤਸਕਰ ਦੀ ਨਿਸ਼ਾਨਦੇਹੀ ’ਤੇ ਪਿਸਤੌਲ, ਰੌਂਦ ਤੇ ਨਕਦੀ ਬਰਾਮਦ
ਪੱਤਰ ਪ੍ਰੇਰਕ
ਪਠਾਨਕੋਟ, 19 ਜੂਨ
ਨੰਗਲਭੂਰ ਦੀ ਪੁਲੀਸ ਨੇ ਨਸ਼ੇ ਦੀ ਖੇਪ, ਡਰੱਗ ਮਨੀ ਸਮੇਤ ਫੜੇ 3 ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪਿਸਤੌਲ ਅਤੇ 65 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੁਲ਼ਜ਼ਮਾਂ ਦੀ ਪਛਾਣ ਰਾਹੁਲ ਉਰਫ ਆਂਡਾ, ਅਸ਼ਮੀਤ ਸਿੰਘ ਉਰਫ ਬਿੱਲੀ ਜੱਟ ਅਤੇ ਵਿਕਰਾਂਤ ਸਿੰਘ ਸਾਰੇ ਵਾਸੀਆਨ ਕੱਚੇ ਕੁਆਟਰਜ਼, ਪਠਾਨਕੋਟ ਵਜੋਂ ਹੋਈ ਹੈ।
ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ 17 ਜੂਨ ਨੂੰ ਫੜੇ ਗਏ ਉਕਤ ਤਿੰਨੋਂ ਮੁਲਜ਼ਮਾਂ ਤੋਂ ਪਹਿਲਾਂ 51.17 ਗਰਾਮ ਹੈਰੋਇਨ, ਕਾਰ ਅਤੇ 3530 ਰੁਪਏ ਡਰੱਗ ਮਨੀ ਬਰਾਮਦ ਹੋਈ ਸੀ। ਇਸ ਤੋਂ ਬਾਅਦ ਮੁਲਜ਼ਮ ਰਾਹੁਲ ਨੇ ਪੁੱਛ ਪੜਤਾਲ ਦੌਰਾਨ ਹੋਰ ਇੰਕਸ਼ਾਫ ਕੀਤੇ ਅਤੇ ਉਸ ਦੀ ਨਿਸ਼ਾਨਦੇਹੀ ਤੇ ਯੂਐੱਸ ਮੇਡ ਪਿਸਤੌਲ, ਰੌਂਦ ਅਤੇ 65 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਮੁਲਜ਼ਮ ਤੇ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਇੰਨ੍ਹਾਂ ਦੇ ਹੋਰ 8-9 ਅਣਪਛਾਤੇ ਸਾਥੀਆਂ ਤੇ ਵੀ ਨੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਿੱਥੋਂ ਨਸ਼ੇ ਦੀ ਸਪਲਾਈ ਲੈ ਕੇ ਆਉਂਦੇ ਸਨ ਅਤੇ ਨਜਾਇਜ਼ ਹਥਿਆਰ ਵੀ ਕਿੱਥੋਂ ਲਿਆਉਂਦੇ ਸਨ। ਸੂਤਰਾਂ ਦੇ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਦਾ ਲਿੰਕ ਗੁਰਦਾਸਪੁਰ ਖੇਤਰ ਦੇ ਰਹਿਣ ਵਾਲੇ ਉਨ੍ਹਾਂ ਨਸ਼ਾ ਤਸਕਰਾਂ ਨਾਲ ਵੀ ਹੈ ਜਿਨ੍ਹਾਂ ਦਾ ਕੁੱਝ ਦਿਨ ਪਹਿਲਾਂ ਪਠਾਨਕੋਟ ਦੇ ਮੀਰਥਲ ਖੇਤਰ ਵਿੱਚ ਪੁਲੀਸ ਮੁਕਾਬਲਾ ਵੀ ਹੋਇਆ ਸੀ।