ਕੂੜੇ ਦੇ ਨਿਪਟਾਰੇ ਲਈ ਪ੍ਰਬੰਧ ਨਾ ਹੋਣ ਕਾਰਨ ਕਸਬਾ ਖਾਲੜਾ ’ਚ ਕੂੜੇ ਦੇ ਢੇਰਾਂ ਦੀ ਭਰਮਾਰ ਹੁੰਦੀ ਜਾ ਰਹੀ ਹੈ।
ਕਸਬੇ ਵਿੱਚ ਕਰੀਬ 10 ਹਜ਼ਾਰ ਲੋਕ ਵੱਸਦੇ ਹਨ ਤੇ ਨੇੜਿਓਂ ਲੰਘਦੀ ਅੱਪਰਬਾਰੀ ਦੁਆਬ ਨਹਿਰ ਕਦੀ ਇਸ ਕਸਬੇ ਦੀ ਸ਼ਾਨ ਹੁੰਦੀ ਸੀ। ਵੰਡ ਮਗਰੋਂ ਇਹ ਨਹਿਰ ਸਿਰਫ਼ ਭਾਰਤੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸਿੰਜਣ ਦੇ ਕੰਮ ਆਉਣ ਲੱਗੀ ਅਤੇ ਨਹਿਰ ਕਿਨਾਰੇ ਵੱਸੇ ਲੋਕਾਂ ਨੇ ਪਸ਼ੂ ਪਾਲਣ ਨੂੰ ਅਹਿਮ ਕਿੱਤੇ ਵਜੋਂ ਅਪਣਾ ਲਿਆ। ਕਿਸਾਨ ਆਪਣੀਆਂ ਮੱਝਾਂ-ਗਾਵਾਂ ਨੂੰ ਚਰਾ ਕੇ ਨਹਿਰ ਵਿੱਚੋਂ ਪਾਣੀ ਪਿਆਉਂਦੇ ਸਨ।
ਸਮਾਂ ਬੀਤਣ ਨਾਲ ਲੋਕਾਂ ਨੇ ਨਹਿਰ ਦੇ ਕਿਨਾਰੇ ਕੂੜਾ-ਕਰਕਟ ਸੁੱਟਣਾ ਸ਼ੁਰੂ ਕਰ ਦਿੱਤਾ। ਅਜਿਹਾ ਕਰਨ ਨਾਲ ਅੱਪਰਬਾਰੀ ਦੁਆਬ ਨਹਿਰ ਦਾ ਪਾਣੀ ਵੀ ਗੰਧਲਾ ਹੋਣਾ ਸ਼ੁਰੂ ਹੋ ਗਿਆ। ਜਾਣਕਾਰੀ ਅਨੁਸਾਰ ਇਸ ਵਕਤ ਕਸਬਾ ਖਾਲੜਾ ਅੰਦਰ ਕਰੀਬ 2500 ਤੋਂ 3000 ਦਧਾਰੂ ਪਸ਼ੂ ਹਨ ਤੇ ਬਹੁਗਿਣਤੀ ਲੋਕ ਦੁੱਧ ਵੇਚ ਕੇ ਘਰ ਚਲਾਉਂਦੇ ਹਨ। ਦਿਨ-ਬ-ਦਿਨ ਵਧ ਰਹੀ ਆਬਾਦੀ ਤੇ ਤੇਜ਼ੀ ਨਾਲ ਘਟ ਰਹੇ ਥਾਂਵਾਂ ਨੇ ਕਿਸਾਨਾਂ ਨੂੰ ਉਲਝਣ ਵਿੱਚ ਪਾਇਆ ਹੈ। ਕੁਝ ਕਿਸਾਨਾਂ ਕੋਲ ਆਪਣੇ ਘਰਾਂ ਕੋਲ ਰੂੜੀ ਲਾਉਣ ਲਈ ਜਗ੍ਹਾ ਹੈ ਪਰ ਘਰ ਭੀੜੇ ਹੋਣ ਕਾਰਨ ਬਹੁਤੇ ਲੋਕ ਅੱਪਰਬਾਰੀ ਦੁਆਬ ਨਹਿਰ ਦੇ ਕੰਢੇ ਹੀ ਰੂੜੀਆਂ ਲਾ ਰਹੇ ਹਨ। ਇਸ ਕਾਰਨ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਆਸ-ਪਾਸ ਬਦਬੂਬਾਰ ਮਾਹੌਲ ਹੈ।
ਸਾਬਕਾ ਸਰਪੰਚ ਪਵਨਦੀਪ ਸਿੰਘ, ਸਾਬਕਾ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਯਾਦਵਿੰਦਰ ਸਿੰਘ, ਜੈਮਲ ਸੰਧੂ ਨੇ ਕਿਹਾ ਕਿ ਖਾਲੜੇ ਵਿੱਚ ਕੂੜੇ ਦੇ ਨਿਪਟਾਰੇ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਗੰਦਗੀ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੂੜੇ-ਕਰਕਟ ਨੂੰ ਸੰਭਾਲਣ ਲਈ ਠੋਸ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।

