Phagwara development: ਸਤਨਾਮਪੁਰਾ ਪੁਲ ਹੇਠਾਂ ਬਣੇਗਾ ਰੇਲਵੇ ਅੰਡਰਪਾਸ: ਸੋਮ ਪ੍ਰਕਾਸ਼
ਸਾਬਕਾ ਕੇਂਦਰੀ ਮੰਤਰੀ ਵੱਲੋਂ ਖੇੜਾ ਰੋਡ ਫ਼ਾਟਕ ’ਤੇ ਵੀ ਓਵਰਬ੍ਰਿਜ ਦਾ ਕੰਮ ਜਲਦੀ ਸ਼ੁਰੂ ਹੋਣ ਦਾ ਐਲਾਨ
ਇਥੋਂ ਦੇ ਸਤਨਾਮਪੁਰਾ ਖੇਤਰ ਦੇ ਲੋਕਾਂ ਨੂੰ ਹੁਣ ਸ਼ਹਿਰ ਨੂੰ ਆਉਣ ਜਾਣ ਲਈ ਵੱਡੀ ਰਾਹਤ ਮਿਲਣ ਦੀ ਆਸ ਬੱਝ ਗਈ ਹੈ। ਸਤਨਾਮਪੁਰਾ ਪੁਲ ਦੇ ਹੇਠੋਂ ਹੁਣ ਰੇਲਵੇ ਵਿਭਾਗ ਅੰਡਰਪਾਸ ਬਣਾਉਣ ਜਾ ਰਿਹਾ ਹੈ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ। ਆਪਣੀ ਰਿਹਾਇਸ਼ ’ਤੇ ਉਨ੍ਹਾਂ ਕਿਹਾ ਕਿ ਸਤਨਾਮਪੁਰਾ, ਹਦੀਆਬਾਦ, ਭਗਤਪੁਰਾ ਸਣੇ ਦਰਜਨ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਆਉਣ ਲਈ ਕਾਫ਼ੀ ਉੱਚੇ ਪੁਲ ’ਤੇ ਚੜ੍ਹਨਾ ਪੈਂਦਾ ਸੀ ਤੇ ਲੋਕਾਂ ਨੂੰ ਸ਼ਹਿਰ ਆਉਣ ਲਈ ਚਾਹਲ ਨਗਰ ਤੋਂ ਘੁੰਮਣਾ ਪੈਂਦਾ ਸੀ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਰਵਨੀਤ ਸਿੰਘ ਬਿੱਟੂ ਨੇ ਇਲਾਕੇ ਦੇ ਲੋਕਾਂ ਦੀ ਮੰਗ ਮੰਨ ਲਈ ਹੈ ਤੇ ਟੈਂਡਰ ਲੱਗਣ ਉਪਰੰਤ ਇਸ ਦਾ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਖੇੜਾ ਰੋਡ ਫ਼ਾਟਕ ’ਤੇ ਵੀ ਓਵਰਬ੍ਰਿਜ ਦਾ ਕੰਮ ਜਲਦੀ ਸ਼ੁਰੂ ਹੋਵੇਗਾ ਇਸ ਦਾ ਡਿਜਾਈਨ ਫ਼ਾਈਨਲ ਹੋ ਗਿਆ ਹੈ ਤੇ ਪੰਜਾਬ ਸਰਕਾਰ ਦੀਆਂ ਕੁੱਝ ਕਾਰਵਾਈਆਂ ਹਨ, ਜੋ ਜਲਦੀ ਹੀ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨੰਗਲ ਖੇੜਾ ਅੰਡਰ ਪਾਸ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਗੋਬਿੰਦਪੁਰਾ ਮੁਹੱਲਾ ਲਈ ਵੀ ਅੰਡਰ ਪਾਸ ਜਲਦੀ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਫਗਵਾੜਾ ਸ਼ੂਗਰ ਮਿੱਲ ਚੌਕ, ਹੁਸ਼ਿਆਰਪੁਰ ਰੋਡ ਨੂੰ ਜਾਣ ਲਈ ਲੋਕਾਂ ਦੀ ਵੱਡੀ ਸਮੱਸਿਆ ਹੈ ਇਸ ’ਤੇ ਵੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਰੇਲਵੇ ਸਟੇਸ਼ਨ ਦਾ ਕੰਮ ਕਾਫ਼ੀ ਮੁਕੰਮਲ ਹੋ ਗਿਆ ਹੈ ਤੇ ਭਗਤਪੁਰਾ ਵਾਲਾ ਟਿਕਟ ਕਾਊਟਰ ਵੀ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਸ਼ਨ ’ਤੇ ਜਲਦੀ ਐਲੀਵੇਟਿਡ ਲਿਫ਼ਟ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਪੁਲ ਹੇਠਾਂ ਫ਼ਰਸ਼ ਦਾ ਜੋ ਕੰਮ ਅਧੂਰਾ ਪਿਆ ਹੈ ਉਸ ਨੂੰ ਮੁਕੰਮਲ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਵੀ ਹਾਜ਼ਰ ਸਨ।

