ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 17 ਅਪਰੈਲ
ਇੱਥੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹ ਰਹੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੇਪਰ ਵਾਰ ਵਾਰ ਮੁਲਤਵੀ ਕਰਨ ਦੇ ਰੋਸ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਵਰਨਣਯੋਗ ਹੈ ਕਿ ਕਰੋਨਾ ਕਾਲ ਦੇ ਚਲਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਵੱਲੋਂ ਲਏ ਫ਼ੈਸਲੇ ਤਹਿਤ ਇਹ ਤੀਜਾ ਮੌਕਾ ਹੈ ਜਦੋਂ ਬਾਰ੍ਹਵੀਂ ਜਮਾਤ ਦੇ ਪੇਪਰਾਂ ਨੂੰ ਮੁਲਤਵੀ ਕੀਤਾ ਗਿਆ ਹੈ।
ਗੁਰਦੁਆਰਾ ਪਾਤਸ਼ਾਹੀ ਪੰਜਵੀਂ ਦੇ ਪਾਰਕ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਫ਼ੈਸਲਿਆਂ ਕਾਰਨ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਜੇ ਸਰਕਾਰ ਜਾਂ ਸਿੱਖਿਆ ਬੋਰਡ ਕੋਲ ਪ੍ਰੀਖਿਆਵਾਂ ਲੈਣ ਲਈ ਢੁੱਕਵੇਂ ਪ੍ਰਬੰਧ ਨਹੀਂ ਹਨ ਤਾਂ ਆਨਲਾਈਨ ਪ੍ਰੀਖਿਆ ਲਈ ਜਾਵੇ।
ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸਵਾਲ ਕੀਤਾ ਕਿ ਜੇ ਸਿੱਖਿਆ ਬੋਰਡ ਪੂਰਾ ਸਾਲ ਆਨਲਾਈਨ ਜਮਾਤਾਂ ਜਾ ਸਕਦਾ ਹੈ ਤਾਂ ਆਨਲਾਈਨ ਪ੍ਰੀਖਿਆ ਕਿਉਂ ਨਹੀਂ ਲਈ ਜਾ ਰਹੀ। ਵਿਦਿਆਰਥੀਆਂ ਨੇ ਸਰਕਾਰ ਤੇ ਸਿੱਖਿਆ ਬੋਰਡ ਕੋਲੋਂ ਜਲਦੀ ਪ੍ਰੀਖਿਆਵਾਂ ਲੈਣ ਦੀ ਮੰਗ ਕੀਤੀ ਹੈ।