ਰੇਤਾ-ਬਜਰੀ ਦੀ ਘਾਟ ਖ਼ਿਲਾਫ਼ ਨਿੱਤਰੇ ਲੋਕ : The Tribune India

ਰੇਤਾ-ਬਜਰੀ ਦੀ ਘਾਟ ਖ਼ਿਲਾਫ਼ ਨਿੱਤਰੇ ਲੋਕ

ਲੱਦਪਾਲਵਾਂ ਟੌਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਐਲਾਨ

ਰੇਤਾ-ਬਜਰੀ ਦੀ ਘਾਟ ਖ਼ਿਲਾਫ਼ ਨਿੱਤਰੇ ਲੋਕ

ਰੇਤਾ-ਬਜਰੀ ਦੀ ਘਾਟ ਖ਼ਿਲਾਫ਼ ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਧਰਨਾ ਦਿੰਦੇ ਹੋਏ ਲੋਕ।

ਜਤਿੰਦਰ ਬੈਂਸ

ਗੁਰਦਾਸਪੁਰ, 6 ਅਕਤੂਬਰ

ਰੇਤਾ ਅਤੇ ਬਜ਼ਰੀ ਕਾਰੋਬਾਰ ਬੰਦ ਹੋਣ ਕਾਰਨ ਪ੍ਰਭਾਵਿਤ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਕਰੈਸ਼ਰ, ਟਿੱਪਰ, ਟਰੈਕਟਰ-ਟਰਾਲੀ ਚਾਲਕਾਂ ਤੇ ਜਨਤਕ ਜਥੇਬੰਦੀਆਂ ਵੱਲੋਂ ਸਮੱਸਿਆ ਦੇ ਹੱਲ ਲਈ ਉਸਾਰੇ ਸਾਂਝੇ ਮੰਚ ‘ਰੇਤਾ-ਬਜ਼ਰੀ ਸੰਘਰਸ਼ ਮੋਰਚਾ’ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਵੱਲੋਂ ਇਥੇ ਬੱਬਰੀ ਬਾਈਪਾਸ ਉੱਤੇ ਰੋਸ ਧਰਨਾ ਦਿੱਤਾ ਗਿਆ।

ਧਰਨੇ ਦੌਰਾਨ ਸੜਕਾਂ ’ਤੇ ਰੇਤਾ-ਬਜ਼ਰੀ ਕਾਰੋਬਾਰ ਨਾਲ ਜੁੜੇ ਲੋਕਾਂ ਵੱਲੋਂ ਆਪਣੇ ਟਿੱਪਰ, ਟਰੈਕਟਰ/ਟਰਾਲੀਆਂ ਤੇ ਹੋਰ ਵਾਹਨ ਖੜ੍ਹੇ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਤੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਦੇ ਨਾਂ ਹੇਠ ਰੇਤਾ ਨਿਕਾਸੀ ਤੇ ਬਜਰੀ ਕਾਰੋਬਾਰ ’ਤੇ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਅੰਦਰ ਲਗਾਈ ਪਾਬੰਧੀ ਤੁਰੰਤ ਹਟਾ ਕੇ ਜਾਇਜ਼, ਕਾਨੂੰਨੀ ਤੇ ਵਾਤਾਵਰਣ ਅਨੁਕੂਲ ਮਾਈਨਿੰਗ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰੇਤਾ ਤੇ ਬਜਰੀ ਦੀ ਘਾਟ ਕਾਰਨ ਕਿਰਤੀ ਤੇ ਕਾਰੋਬਾਰ ਨਾਲ ਜੁੜੇ ਲੋਕ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਨਾਂ ’ਤੇ ਟਰੈਕਟਰ-ਟਰਾਲੀਆਂ, ਟਿੱਪਰਾਂ, ਟਰੱਕਾਂ ਤੇ ਹੋਰ ਸਬੰਧਤ ਮਸ਼ੀਨਰੀ ਦੇ ਮਾਲਕਾਂ ਤੇ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਨਾ ਬੰਦ ਕੀਤੇ ਜਾਣ। ਬੁਲਾਰਿਆਂ ਨੇ ਕਿਹਾ ਕਿ ਰੇਤਾ ਤੇ ਬਜਰੀ ਦਾ ਕਾਰੋਬਾਰ ਸ਼ੁਰੂ ਹੋਣ ਤੱਕ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਸਣੇ ਹੋਰ ਥਾਵਾਂ ਤੋਂ ਰੇਤਾ ਤੇ ਬਜਰੀ ਲਿਆਉਣ ਦੀ ਖੁੱਲ੍ਹ ਦਿੱਤੀ ਜਾਵੇ। ਪੰਜਾਬ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਬਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦੇ ਐਕਸ਼ਨ ਦੌਰਾਨ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਟੌਲ ਪਲਾਜ਼ਾ ਲੱਦਪਾਲਵਾਂ (ਝਾਖੋਲਾੜੀ) ਵਿੱਚ ਅੱਠ ਅਕਤੂਬਰ ਤੋਂ ਅਣਮਿੱਥੇ ਦਾ ਧਰਨਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਅੱਜ ਦੇ ਧਰਨੇ ਨੂੰ ਰਾਜਿੰਦਰ ਬਿੱਟਾ, ਪੰਕਜ ਭਨੋਟ, ਪ੍ਰੇਮ ਮਸੀਹ ਸੋਨਾ, ਸਰਵਣ ਸਿੰਘ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਜਸਵਿੰਦਰ ਸਿੰਘ, ਐੱਸਐੱਸ ਭੱਟੀ, ਗੁਰਪ੍ਰਤਾਪ ਸਿੰਘ, ਪਰਮਜੀਤ ਸਿੰਘ ਛੀਨਾ, ਚਰਨਜੀਤ ਸਿੰਘ, ਹਰਦੇਵ ਸਿੰਘ ਚਿੱਟੀ, ਜੋਗਿੰਦਰ ਸਿੰਘ ਖੰਨਾ ਚਮਾਰਾ, ਬਚਿੱਤਰ ਸਿੰਘ ਅਤੇ ਬਲਬੀਰ ਰੰਧਾਵਾ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ ਹੈ। 

ਕਿਸਾਨ-ਮਜ਼ਦੂਰ ਸੰਘਰਸ਼  ਕਮੇਟੀ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ      

ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ-ਮਜ਼ਦੂਰ।

ਸੁਲਤਾਨਪੁਰ ਲੋਧੀ (ਪੱਤਰ ਪ੍ਰੇਰਕ) ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਜ਼ੋਨ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਤਲਵੰਡੀ ਚੌਧਰੀਆਂ ਦਾਣਾ ਮੰਡੀ ਤੇ ਸੁਲਤਾਨਪੁਰ ਲੋਧੀ ਦਾਣਾ ਮੰਡੀ ਜ਼ੋਨ ਡੱਲਾ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਜ਼ੋਨ ਸੁਲਤਾਨਪੁਰ ਦੇ ਸਕੱਤਰ ਪੁਸ਼ਪਿੰਦਰ ਸਿੰਘ, ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਭੁਪਿੰਦਰ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਪੂਤਲਾ ਫੂਕਿਆ ਗਿਆ ਜਿਸ ’ਚ ਸਮੂਹ ਆੜ੍ਹਤੀ ਐਸੋਸੀਏਸ਼ਨ ਨੇ ਵੀ ਸਾਥ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਸਰਕਾਰ ਤੋਂ ਮੰਗ ਕੀਤੀ ਕੇ ਫਰਦ ਸਿਸਟਮ ਬੰਦ ਕੀਤਾ ਜਾਵੇ ਤੇ 26 ਕੁਇੰਟਲ ਪ੍ਰਤੀ ਏਕੜ ਝੋਨੇ ਦੇ ਝਾੜ ਦੀ ਸ਼ਰਤ ਤੁਰੰਤ ਹਟਾਈ ਜਾਵੇ, ਨਹੀਂ ਤਾਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ।  ਇਸ ਮੌਕੇ ਆੜ੍ਹਤੀ ਗੁਰੰਜਟ ਸਿੰਘ ਸੰਧੂ ਤੇ ਸਤਪਾਲ ਮਦਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਾਣ ਬੁੱਝ ਕੇ ਅਜਿਹੇ ਗਲਤ ਸਿਸਟਮ ਬਣਾ ਰਹੀ ਜਿਸ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਬੀਜ ਵੇਚਣ ਵਾਲੀਆਂ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇਸ ਕੁਆਲਟੀ ਦਾ 35 ਕੁਇੰਟਲ ਝਾੜ ਨਿੱਕਲਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਹਦਾਇਤਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਝੋਨੇ ਦੀ ਤੁਲਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਨਵੀਂ ਨੀਤੀ ਬੰਦ ਕੀਤੀ ਜਾਵੇ ਤੇ ਪਹਿਲਾਂ ਵਾਂਗ ਹੀ ਲਿਫਟਿੰਗ ਦਾ ਕੰਮ ਚਲਾਇਆ ਜਾਵੇ। ਇਸ ਮੌਕੇ ਪ੍ਰਦਰਸ਼ਨ ’ਚ ਹਾਜ਼ਰ ਜ਼ੋਨ ਸੁਲਤਾਨਪੁਰ ਲੋਧੀ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ, ਜ਼ੋਨ ਸਕੱਤਰ ਪੁਸ਼ਪਿੰਦਰ ਸਿੰਘ, ਪ੍ਰੈੱਸ ਸਕੱਤਰ ਸਰਬਜੀਤ ਸਿੰਘ, ਮੇਜਰ ਸਿੰਘ ਤਲਵੰਡੀ ਚੌਧਰੀਆਂ,  ਚਰਨ ਸਿੰਘ, ਜ਼ੋਨ ਭਾਈ ਲਾਲੋ ਜੀ  ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਭੁਪਿੰਦਰ ਸਿੰਘ ਸ਼ੇਰਪੁਰ, ਸ਼ਿੰਦਰਪਾਲ ਸਿੰਘ, ਸਾਹਿਬ ਸਿੰਘ ਆੜ੍ਹਤੀ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਮੋਮੀ, ਗੁਰਜੰਟ ਸਿੰਘ ਸੰਧੂ ਆਹਲੀ, ਰਾਮ ਸਿੰਘ, ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਕਸਮੀਰ ਸਿੰਘ, ਸਤਪਾਲ ਮਦਾਨ ਆਦਿ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All