ਪੱਤਰ ਪ੍ਰੇਰਕ
ਤਰਨ ਤਾਰਨ, 18 ਸਤੰਬਰ
ਇੱਥੇ ਬੀਤੀ ਸ਼ਾਮ ਲੋਕਾਂ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਹੈ| ਐੱਸਪੀ (ਇਨਵੈਸਟੀਗੇਸ਼ਨ) ਵਿਸ਼ਾਲਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਬੀਤੀ ਸ਼ਾਮ ਖਾਲੜਾ ਇਲਾਕੇ ਤੋਂ ਲੋਕਾਂ ਨੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ, ਉਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਵੇਂ ਹੀ ਕੱਲ੍ਹ ਤਰਨ ਤਾਰਨ ਤੋਂ ਔਰਤ ਦੇ ਕੰਨ ਦੀ ਵਾਲੀ ਖੋਹ ਕੇ ਭੱਜੇ ਜਾਂਦੇ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਅਤੇ ਉਸ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ|
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਪਿੰਡ ਛੀਨਾ ਬਿਧੀ ਚੰਦ ਦੇ ਵਾਸੀ ਸੁਖਬੀਰ ਸਿੰਘ ਦੇ ਘਰ ਨੂੰ ਵਾਪਸ ਜਾਂਦਿਆਂ ਰਾਹ ਵਿੱਚ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਕੇ ਉਸ ਦਾ ਵਾਹਨ ਖੋਹਣ ਦੀ ਕੋਸ਼ਿਸ਼ ਕੀਤੀ| ਸੁਖਬੀਰ ਸਿੰਘ ਨੇ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ ਨੂੰ ਦਾਤਰ ਦਾ ਡਰਾਵਾ ਦੇ ਕੇ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਲੈ ਲਈ| ਇੰਨੇ ਚਿਰ ਨੂੰ ਮੌਕੇ ’ਤੇ ਉਸ ਦਾ ਚਾਚਾ ਨਿਸ਼ਾਨ ਸਿੰਘ ਆ ਗਿਆ ਜਿਸ ਨੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਇਲਾਕੇ ਦੇ ਪਿੰਡ ਨਾਰਲੀ ਦੇ ਵਾਸੀ ਪ੍ਰਿੰਸ ਅਤੇ ਮਿੱਠੂ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ ਮੌਕੇ ਤੋਂ ਉਨ੍ਹਾਂ ਦਾ ਇਕ ਸਾਥੀ ਅਰਸ਼ ਫਰਾਰ ਹੋ ਗਿਆ| ਤਰਨ ਤਾਰਨ ਦੇ ਜੰਡਿਆਲਾ ਚੌਕ ਤੋਂ ਇਕ ਔਰਤ ਪਰਮਜੀਤ ਕੌਰ ਵਾਸੀ ਮੱਲੀਆ ਦੇ ਕੰਨ ਦੀ ਵਾਲੀ ਖੋਹ ਕੇ ਭੱਜੇ ਜਾਂਦੇ ਲੁਟੇਰੇ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ| ਲੁਟੇਰੇ ਦੀ ਸ਼ਨਾਖਤ ਤਰਨ ਤਾਰਨ ਸ਼ਹਿਰ ਦੀ ਬਾਠ ਰੋਡ ਦੀਆਂ ਝੁੱਗੀਆਂ- ਚੌਪੜੀਆਂ ਵਿੱਚ ਰਹਿੰਦੇ ਰਾਣਾ ਦੇ ਤੌਰ ’ਤੇ ਕੀਤੀ ਗਈ ਹੈ| ਉਸ ਦੇ ਦੂਸਰੇ ਸਾਥੀ ਦੀ ਪਛਾਣ ਅਜੇ ਕੀਤੀ ਜਾਣੀ ਹੈ ਜਿਹੜਾ ਮੌਕੇ ’ਤੇ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ ਸੀ|