ਬੁੱਟਰ ਸੜਕ ਦੀ ਖ਼ਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ
ਇੱਥੇ ਸ਼ਹਿਰ ਵਿੱਚ ਬੁੱਟਰ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਸੜਕ ਉਪਰੋਂ ਰੋਜ਼ਾਨਾਂ ਆਉਣ ਜਾਣ ਵਾਲੇ ਵਾਹਨਾਂ, ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਡਾ. ਅਜੈ ਕੁਮਾਰ ਛਾਬੜਾ,...
ਇੱਥੇ ਸ਼ਹਿਰ ਵਿੱਚ ਬੁੱਟਰ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਸੜਕ ਉਪਰੋਂ ਰੋਜ਼ਾਨਾਂ ਆਉਣ ਜਾਣ ਵਾਲੇ ਵਾਹਨਾਂ, ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਵਾਸੀਆਂ ਡਾ. ਅਜੈ ਕੁਮਾਰ ਛਾਬੜਾ, ਮੰਗਾ ਭਾਟੀਆ, ਵਿਨੋਦ ਕੁਮਾਰ, ਡਾ. ਪ੍ਰਦੀਪ, ਰਵੀ ਕੁਮਾਰ, ਰਾਜੇਸ਼ ਕੁਮਾਰ, ਪਵਨ ਕੁਮਾਰ, ਸਰਵਣ ਸਿੰਘ ਨੇ ਦੱਸਿਆ ਪਿਛਲੇ ਕਈ ਮਹੀਨੇ ਪਹਿਲਾਂ ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਸੜਕ ਉਪਰ ਪੱਥਰ ਅਤੇ ਮਿੱਟੀ ਪਾ ਕੇ ਅਧੂਰਾ ਛੱਡਿਆ ਕੰਮ ਆਸ ਪਾਸ ਦੇ ਦੁਕਾਨਦਾਰਾਂ ਅਤੇ ਸੜਕ ਉਪਰੋਂ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।
ਸੜਕ ਉਪਰ ਖਿੱਲਰੇ ਪੱਥਰਾਂ ਕਾਰਨ ਆਏ ਦਿਨ ਨਿੱਕੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਪੱਥਰਾਂ ਕਾਰਨ ਦੋਪਹੀਆ ਵਾਹਨ ਚਾਲਕ ਡਿੱਗ ਜਾਂਦੇ ਹਨ ਤੇ ਸੜਕ ਤੋਂ ਉੱਡਦੀ ਧੂੜ ਵੀ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ।
ਸੜਕ ਦੀ ਖ਼ਸਤਾ ਹਾਲਤ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਅਸਰ ਪਿਆ ਹੈ। ਮਾਮੂਲੀ ਮੀਂਹ ਪੈਣ ’ਤੇ ਸੜਕ ਤੋਂ ਲੰਘਣਾ ਬਹੁਤ ਔਖਾ ਹੈ। ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਪ੍ਰਸ਼ਾਸ਼ਾਨ ਅਤੇ ਸਬੰਧਤ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਸੜਕ ਨੂੰ ਤੁਰੰਤ ਬਣਾ ਕੇ ਪ੍ਰੀਮਿਕਸ ਪਾਇਆ ਜਾਵੇ। ਜੇ ਸੜਕ ਦਾ ਕੰਮ ਜਲਦ ਸ਼ੁਰੂ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਿਰਮਲ ਸਿੰਘ ਭੰਗੂ ਨੇ ਕਿਹਾ ਇਕ ਦੋ ਦਿਨਾਂ ਵਿੱਚ ਸੜਕ ਦਾ ਕੰਮ ਸ਼ੁਰੂ ਕਰਵਾ ਹਫਤੇ ਵਿੱਚ ਮੁਕੰਮਲ ਕਰਵਾ ਦਿੱਤਾ ਜਾਵੇਗਾ। ਸੜਕ ਦਾ ਨਿਰਮਾਣ ਪੂਰੀ ਗੁਣਵੱਤਾ ਨਾਲ ਹੋਵੇਗਾ ਅਤੇ ਸੜਕ ਦੀ ਪੰਜ ਸਾਲਾਂ ਦੀ ਗਾਰੰਟੀ ਲਈ ਸਬੰਧਤ ਠੇਕੇਦਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।

