ਸੜਕ ਵਿਚਕਾਰ ਦਰੱਖਤ ਡਿੱਗਣ ਕਾਰਨ ਲੋਕ ਪ੍ਰੇਸ਼ਾਨ
ਪਠਾਨਕੋਟ: ਸੁਜਾਨਪੁਰ ਵਿੱਚ ਯੂਬੀਡੀਸੀ ਨਹਿਰ ਦੇ ਕੰਢੇ ਪੁਲ ਨੰਬਰ-3 ਕੋਲ ਸੜਕ ਦੇ ਵਿਚਕਾਰ ਦਰੱਖਤ ਡਿੱਗਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਜਾਨਪੁਰ ਵਾਸੀ ਵਿਜੇ ਕੁਮਾਰ, ਰਾਜਿੰਦਰ ਧੀਮਾਨ, ਸੁਰੇਸ਼ ਕੁਮਾਰ, ਅਸ਼ੋਕ ਕੁਮਾਰ, ਸੁਭਾਸ਼ ਚੰਦਰ ਆਦਿ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਯੂਬੀਡੀਸੀ ਨਹਿਰ ਦੇ ਕੰਢੇ ਪੁਲ ਨੰਬਰ-3 ਕੋਲ ਸੜਕ ਵਿਚਕਾਰ ਦਰੱਖਤ ਡਿੱਗ ਗਿਆ ਸੀ। ਇੱਥੋਂ ਪੈਦਲ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਦਰੱਖਤ ਨੂੰ ਸੜਕ ਤੋਂ ਹਟਾਇਆ ਜਾਵੇ। -ਪੱਤਰ ਪ੍ਰੇਰਕ
ਲੁਧਿਆਣਾ ਜ਼ਿਮਨੀ ਚੋਣ ’ਚ ਆਸ਼ੂ ਜਿੱਤੇਗਾ: ਗਿੱਲ
ਤਰਨ ਤਾਰਨ: ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਇੱਥੇ ਕਾਂਗਰਸ ਭਵਨ ਵਿੱਚ ਪਾਰਟੀ ਕਾਰਕੁਨਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਜੇਤੂ ਰਹਿਣ ਦਾ ਦਾਅਵਾ ਕਰਦਿਆਂ ਹਾਕਮ ਧਿਰ ਵੱਲੋਂ ਬੇਨਿਯਮੀਆਂ ਕਰਨ ਦਾ ਦੋਸ਼ ਲਗਾਇਆ| ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਰੋਧੀ ਨੀਤੀਆਂ ਨੂੰ ਕਿਸੇ ਦੀ ਤਰੀਕੇ ਨਾਲ ਸਫਲ ਨਾ ਹੋਣ ਦੇਣ ਦਾ ਫ਼ੈਸਲਾ ਕਰ ਲਿਆ ਹੈ ਜਿਸ ਕਰ ਕੇ ‘ਆਪ’ ਇਸ ਸੀਟ ਨੂੰ ਆਪਣੇ ਵੱਕਾਰ ਸਵਾਲ ਬਣਾ ਕੇ ਇੱਥੋਂ ਜੇਤੂ ਹੋਣ ਲਈ ਬੇਨਿਯਮੀਆਂ ਦੀਆਂ ਹੱਦਾਂ ਪਾਰ ਕਰਨ ਵੱਲ ਵਧ ਰਹੀ ਹੈ| ਉਨ੍ਹਾਂ ਵਰਕਰਾਂ ਨੂੰ ਪਾਰਟੀ ਉਮੀਦਵਾਰ ਦੇ ਹੱਕ ਵਿੱਚ 17 ਜੂਨ ਲੁਧਿਆਣਾ ਵਿੱਚ ਕੀਤੇ ਜਾਣ ਵਾਲੇ ‘ਵਿਕਟਰੀ ਜਲੂਸ’ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ| ਇਸ ਮੌਕੇ ਪਾਰਟੀ ਆਗੂ ਅਵਤਾਰ ਸਿੰਘ ਤਨੇਜਾ, ਕਰਨਬੀਰ ਸਿੰਘ ਬੁਰਜ, ਦਲਬੀਰ ਸਿੰਘ ਸੇਖੋਂ, ਮਨਿੰਦਰਪਾਲ ਸਿੰਘ ਪਲਾਸੌਰ, ਸੁਖਵਿੰਦਰ ਸਿੰਘ ਸਿੱਧੂ, ਨਵਰੀਤ ਸਿੰਘ ਜੱਲੇਵਾਲ ਨੇ ਵੀ ਸੰਬੋਧਨ ਕੀਤਾ| -ਪੱਤਰ ਪ੍ਰੇਰਕ
ਨਿਕਾਸੀ ਨਾਲਿਆਂ ਦੀ ਸਫ਼ਾਈ ਜਲਦ ਹੋਵੇਗੀ: ਗੁਰਮੇਜ ਸਿੰਘ
ਕਾਦੀਆਂ: ‘ਆਪ’ ਦੇ ਬਲਾਕ ਕਾਦੀਆਂ ਦੇ ਪ੍ਰਧਾਨ ਕਾਮਰੇਡ ਗੁਰਮੇਜ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਨਿਕਾਸੀ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਲਈ ‘ਆਪ’ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਸੇਖਵਾਂ ਦੇ ਯਤਨਾ ਸਦਕਾ ਕਾਦੀਆਂ ਸ਼ਹਿਰ ਦੇ ਨਿਕਾਸੀ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਲਈ ਸੁਪਰਸ਼ਕਰ ਮਸ਼ੀਨ ਦਾ ਬੰਦੋਬਸਤ ਕਰ ਦਿੱਤਾ ਗਿਆ ਹੈ। ਇਸ ਮੌਕੇ ਦਵਿੰਦਰ ਸ਼ਰਮਾ, ਦੇਵੀ ਦਿਆਲ ਸ਼ਰਮਾ, ਵਿਸ਼ਾਲ ਕੁਮਾਰ, ਸਰਬਜੀਤ ਸਿੰਘ ਮਹਿਤਾ, ਅਵਤਾਰ ਸਿੰਘ, ਮਹਿੰਦਰ ਪਾਲ, ਸਾਬਕਾ ਸਰਪੰਚ ਮਲਕੀਤ ਸਿੰਘ ਨਾਥਪੁਰ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
ਪਸਸਫ ਨੇ ਮੈਡੀਕਲ ਅਫ਼ਸਰਾਂ ਦੇ ਨਤੀਜੇ ’ਤੇ ਸਵਾਲ ਚੁੱਕੇ
ਧਾਰੀਵਾਲ: ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਪਸਸਫ) ਦੇ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਤੀਰਥ ਬਾਸੀ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋਂ ਮੈਡੀਕਲ ਅਫ਼ਸਰਾਂ ਦੀਆਂ 1000 ਅਸਾਮੀਆਂ ਭਰਨ ਸਬੰਧੀ 3 ਜੂਨ ਨੂੰ ਪ੍ਰੀਖਿਆਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਗਈ ਸੀ। ਇਸ ਦੇ ਬਾਅਦ ਯੂਨੀਵਰਸਿਟੀ ਵੱਲੋਂ 12 ਜੂਨ ਨੂੰ ਨਤੀਜਾ ਵੈੱਬਸਾਈਟ ’ਤੇ ਪਾ ਦਿੱਤਾ ਪਰ ਇਸ ਵਿੱਚ ਨਾ ਤਾਂ ਉਮੀਦਵਾਰ ਦਾ ਜਨਰਲ ਰੈਂਕ ਦਰਸਾਇਆ ਅਤੇ ਨਾ ਕੈਟੇਗਰੀ ਰੈਂਕ। ਇਥੋਂ ਤੱਕ ਕਿ ਯੂਨੀਵਰਸਿਟੀ ਨੇ ਅਖਬਾਰ ਵਿੱਚ ਦਿੱਤੇ ਅੰਕੜਿਆਂ ਵਿੱਚ ਕੁੱਲ 3754 ਉਮੀਦਵਾਰ ਪ੍ਰੀਖਿਆ ਵਿੱਚ ਕਾਮਯਾਬ ਰਹੇ ਦੱਸੇ ਹਨ। ਪਰ ਇਨ੍ਹਾਂ 3754 ਪਾਸ ਉਮੀਦਵਾਰਾਂ ਦੇ ਨਤੀਜੇ ਵਿੱਚ ਪਾਸ ਦਾ ਰਿਮਾਰਕਸ ਨਹੀਂ ਦਿੱਤਾ ਗਿਆ। ਸ੍ਰੀ ਰਾਣਾ ਤੇ ਸ੍ਰੀ ਬਾਸੀ ਨੇ ਦਿੰਦਿਆਂ ਦੱਸਿਆ ਕਿ ਇਸ ਨਾਲ ਉਮੀਦਵਾਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। -ਪੱਤਰ ਪ੍ਰੇਰਕ
ਐੱਨਸੀਸੀ ਕੈਡੇਟਸ ਵੱਲੋਂ ਖੂਨਦਾਨ
ਅੰਮ੍ਰਿਤਸਰ: ਫਸਟ ਪੰਜਾਬ ਬਟਾਲੀਅਨ ਐੱਨਸੀਸੀ ਦੇ ਕੈਡੇਟਸ ਅਤੇ ਸਟਾਫ ਵੱਲੋਂ ਪਾਰਵਤੀ ਦੇਵੀ ਬਲੱਡ ਬੈਂਕ ਵਿੱਚ ਖੂਨਦਾਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਹਿੰਦੂ ਕਾਲਜ ਅੰਮ੍ਰਿਤਸਰ ਦੇ ਐੱਨਸੀਸੀ ਕੈਡੇਟਸ ਨੇ ਖੂਨਦਾਨ ਕੀਤਾ। ਇਸ ਤੋਂ ਇਲਾਵਾ ਐੱਨਸੀਸੀ ਸਟਾਫ ਵੱਲੋਂ ਵੀ ਖੂਨਦਾਨ ਕੀਤਾ ਗਿਆ। ਕੈਪਟਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਖੂਨ ਦੇਣ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਐੱਨਸੀਸੀ ਅਫ਼ਸਰ ਸੁਖਪਾਲ ਸਿੰਘ ਸੰਧੂ ਤੇ ਬਲੱਡ ਬੈਂਕ ਦੇ ਇੰਚਾਰਜ ਡਾ. ਮੋਹਤ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਬੀਐੱਚਐੱਮ ਹਰਵਿੰਦਰ ਸਿੰਘ, ਹਵਾਲਦਾਰ ਸੋਹਣ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਕੰਦੋਵਾਲੀ ਵਿੱਚ ਸਾਲਾਨਾ ਜੋੜ ਮੇਲਾ ਭਲਕੇ
ਚੇਤਨਪੁਰਾ: ਪਿੰਡ ਕੰਦੋਵਲੀ ਵਿੱਚ ਬਾਬਾ ਲੰਗਰ ਭਗਤ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 17 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 17 ਜੂਨ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਖੂਨ ਦਾਨ ਕੈਂਪ ਵੀ ਲਾਇਆ ਜਾਵੇਗਾ ਅਤੇ ਸ਼ਾਮ ਵੇਲੇ ਕਬੱਡੀ ਕੱਪ ਕਰਾਇਆ ਜਾਵੇਗਾ| -ਪੱਤਰ ਪ੍ਰੇਰਕ