
ਫਾਟਕ ’ਤੇ ਪੁਲ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟਾਵਾ ਕਰਦੇ ਹੋਏ ਕਿਸਾਨ ਤੇ ਹੋਰ।
ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 5 ਫਰਵਰੀ
ਇੱਥੇ ਅੱਜ ਪਿੰਡ ਜਹਾਂਗੀਰ ਦੇ ਨੇੜਿਓਂ ਨਿਕਲਦੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲਵੇ ਲਾਈਨ ’ਤੇ ਖੜ੍ਹ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਤੇ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਤੇ ਰੇਲਵੇ ਵਿਭਾਗ ਤੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਜੋ 33 ਫੁੱਟ ਸੜਕ ਪਠਾਨਕੋਟ ਹਾਈਵੇਅ ਤੋਂ ਸ਼ੁਰੂ ਹੋ ਕੇ ਏਅਰਪੋਰਟ ਰੋਡ ਨੂੰ ਜੁੜਦੀ ਹੈ ’ਤੇ ਰੇਲਵੇ ਲਾਈਨ ’ਤੇ ਪੱਕਾ ਫਾਟਕ ਤੇ ਵੱਡਾ ਪੁਲ ਬਣਾਉਣ ਦੀ ਮੰਗ ਕੀਤੀ। ਇਸ ਦੋਰਾਨ ਉਗਰਾਹਾਂ ਯੂਨੀਅਨ ਦੇ ਪ੍ਰਧਾਨ ਡਾ. ਪ੍ਰਮਿੰਦਰ ਸਿੰਘ ਨੇ ਕਿਹਾ ਕਿ ਇਹ ਰੋਡ ਜੋ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਜੀਟੀ ਰੋਡ ਤੋਂ ਏਅਰਪੋਰਟ ਨੂੰ ਜਾ ਜੁੜਦਾ ਹੈ ਇਸ ਵੱਲ ਲੰਮੇ ਸਮੇ ਤੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਡੇਰਾ ਬਾਬਾ ਨਾਨਕ ਨੂੰ ਰੇਲਵੇ ਲਾਈਨ ਜਾਂਦੀ ਹੈ ਇਸ ਸੜਕ ਦੇ ਕਰਾਸਿੰਗ ਪੁਆਇੰਟ ’ਤੇ ਕੋਈ ਫਾਟਕ ਜਾ ਪੁਲ ਨਹੀਂ ਹੈ। ਪਿੰਡ ਦੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸੜਕ ਤੋਂ ਹਜ਼ਾਰਾਂ ਵਾਹਨ ਗੁਜ਼ਰਦੇ ਹਨ ਕਿਉਂਕਿ ਅੱਗੇ ਸਨਅਤੀ ਏਰੀਆ ਹੈ। ਉਨ੍ਹਾਂ ਦੱਸਿਆ ਕਿ ਅੱਧੇ ਪਿੰਡ ਦੀ ਵਸੋਂ ਜ਼ਮੀਨ ਲਾਈਨ ਦੇ ਇਕ ਪਾਸੇ ਅੱਧਾ ਪਿੰਡ ਦੂਸਰੇ ਪਾਸੇ ਹੈ। ਪਿਛਲੇ ਸਮੇ ਤੋਂ ਇਹ ਲਾਈਨ ਨੂੰ ਬਿਜਲੀ ਨਾਲ ਜੋੜਿਆ ਜਾ ਰਿਹਾ ਹੈ ਜਿਸ ਨਾਲ ਗੁਜ਼ਰਨ ਵਾਲ਼ੀਆਂ ਗੱਡੀਆਂ ਦੀ ਰਫ਼ਤਾਰ ਵਧੇਗੀ। ਇਸ ਨਾਲ ਕੋਈ ਵੱਡਾ ਹਾਦਸਾ ਨਾ ਵਾਪਰੇ ਇਸ ਕਾਰਨ ਇਹ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਮਸਲੇ ਨੂੰ ਪ੍ਰਸ਼ਾਸਨ ,ਰੇਲਵੇ ਵਿਭਾਗ ਦੇ ਧਿਆਨ ਵਿੱਚ ਲਿਆ ਚੁੱਕੇ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਹੁਣ ਜੱਥੇਬੰਦੀ ਨੂੰ ਨਾਲ ਲੈ ਸੰਘਰਸ਼ ਦੇ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਡੀਸੀ ਅੰਮ੍ਰਿਤਸਰ ਤੇ ਰੇਲਵੇ ਅਫ਼ਸਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਗੱਲ ਨਹੀਂ ਸੁਣੀ ਗਈ ਤਾਂ ਜ਼ਿਲ੍ਹਾ ਤੇ ਸੂਬਾ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਰੇਲਵੇ ਲਾਈਨ ’ਤੇ ਪੱਕਾ ਮੋਰਚਾ ਲਾਉਣਾ ਪਿਆ ਤਾਂ ਜਥੇਬੰਦੀ ਪਿੱਛੇ ਨਹੀਂ ਹਟੇਗੀ। ਇਸ ਮੌਕੇ ਕੁਲਬੀਰ ਜੇਠੂਵਾਲ , ਜਗਤਾਰ ਸਿੰਘ ਜਹਾਂਗੀਰ , ਪ੍ਰਗਟ ਸਿੰਘ , ਲਖਵਿੰਦਰ ਮੂਧਲ, ਅਜੀਤਪਾਲ ਫਤਹਿਗੜ ਸ਼ੁੱਕਰਚੱਕ, ਸਤਿੰਦਰ ਸਿੰਘ, ਹਰਜਿੰਦਰ ਸਿੰਘ ਪੰਡੋਰੀ, ਸ਼ੇਰਾਂ ਨੰਬਰਦਾਰ ਸੋਹੀ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ