ਐੱਨ.ਪੀ. ਧਵਨ
ਪਠਾਨਕੋਟ, 26 ਅਗਸਤ
ਪਠਾਨਕੋਟ ਪੁਲੀਸ ਨੇ ਇਸ ਸਾਲ 13 ਮਈ ਨੂੰ ਇੱਥੇ ਇੱਕ ਕੋਠੀ ਵਿੱਚ ਹੋਈ ਲੁੱਟ ਖੋਹ ਤੇ ਚੋਰੀ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ ਇਸ ਵਾਰਦਾਤ ਵਿੱਚ ਲੁਟੇਰੇ ਕਰੋੜਾਂ ਦੇ ਗਹਿਣੇ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ ਸਨ। ਪਠਾਨਕੋਟ ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਇੱਕ ਨੇਪਾਲੀ ਗਰੋਹ ਦੇ ਦੋ ਮੈਂਬਰਾਂ ਨੂੰ ਬੰਗਲੌਰ ਕੋਲੋਂ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਨੇਪਾਲ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਪਠਾਨਕੋਟ ਲਿਆਂਦਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪਛਾਣ ਹਿਕਮਤ ਖੜਕਾ ਵਾਸੀ ਪਿੰਡ ਗਾਓ ਫੁਲਵਾੜੀ ਜ਼ਿਲ੍ਹਾ ਕਾਲੀਲੀ ਨੇਪਾਲ ਅਤੇ ਧਰਮ ਰਾਜ ਬੋਹਰਾ ਵਾਸੀ ਪਿੰਡ ਧਨਗਰੀ ਜ਼ਿਲ੍ਹਾ ਕਾਲੀਲੀ ਨੇਪਾਲ ਵਜੋਂ ਹੋਈ ਹੈ। ਦੋਹਾਂ ਖ਼ਿਲਾਫ਼ ਦਿੱਲੀ, ਉੱਤਰ ਪ੍ਰਦੇਸ਼ ਅਤੇ ਨੇਪਾਲ ਸਣੇ ਵੱਖ-ਵੱਖ ਥਾਵਾਂ ’ਤੇ ਦਰਜਨਾਂ ਕੇਸ ਦਰਜ ਸਨ। ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ’ਤੇ ਉੱਤਰ ਪ੍ਰਦੇਸ਼ ਵਿੱਚੋਂ 56.41 ਲੱਖ ਰੁਪਏ, ਇੱਕ ਹਥਿਆਰ ਅਤੇ ਸੋਨੇ ਦੇ ਸਿੱਕਿਆਂ ਦੀ ਤਿਕੜੀ ਜਿਸ ਵਿੱਚ 37 ਗ੍ਰਾਮ ਅਤੇ 30-ਮਿਲੀਗ੍ਰਾਮ ਸੋਨੇ ਦੇ ਝੁਮਕੇ ਦੀ ਜੋੜੀ ਸ਼ਾਮਲ ਹੈ, ਨੂੰ ਬਰਾਮਦ ਕਰ ਕੇ ਇੱਥੇ ਲਿਆਂਦਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਨੇਪਾਲੀ ਗਰੋਹ ਦੇ ਮੈਂਬਰ ਘਰੇਲੂ ਨੌਕਰ ਵਜੋਂ ਘਰਾਂ ਵਿੱਚ ਦਾਖਲ ਹੁੰਦੇ ਸਨ ਅਤੇ ਘਰ ਦੇ ਵਸਨੀਕਾਂ ਨੂੰ ਨਸ਼ੀਲੀਆਂ ਦਵਾਈਆਂ ਰਾਹੀਂ ਬੇਹੋਸ਼ ਕਰ ਕੇ ਕੀਮਤੀ ਸਾਮਾਨ ਜਾਂ ਨਕਦੀ ਲੈ ਕੇ ਫਰਾਰ ਹੋ ਜਾਂਦੇ ਸਨ। ਇਸ ਮਾਮਲੇ ਵਿੱਚ ਵੀ ਹਰੀਸ਼ ਰੁਕਾਇਆ ਕੁੱਝ ਮਹੀਨੇ ਪਹਿਲਾਂ ਕੋਠੀ ਵਿੱਚ ਰਸੋਈਏ ਵੱਜੋਂ ਨੌਕਰੀ ਕਰਨ ਲੱਗਾ ਸੀ। ਬਾਅਦ ਵਿੱਚ ਉਸ ਨੇ ਆਪਣੇ ਗਰੋਹ ਦੇ ਬਾਕੀ ਮੈਂਬਰਾਂ ਨਾਲ ਮਿਲ ਕੇ ਕੋਠੀ ਨੂੰ ਨਿਸ਼ਾਨਾ ਬਣਾਇਆ। ਲੁਟੇਰੇ ਇਸ ਕੋਠੀ ਵਿੱਚੋਂ ਨਕਦੀ, ਸੋਨੇ ਦੇ ਗਹਿਣੇ, ਇੱਕ ਲਾਇਸੈਂਸੀ ਪਿਸਤੌਲ ਤੇ ਹੋਰ ਸਾਮਾਨ ਲੈ ਗਏ ਸਨ। ਇਸ ਗਰੋਹ ਦੀਆਂ ਕਾਰਵਾਈਆਂ ਕਈ ਰਾਜਾਂ ਵਿੱਚ ਫੈਲੀਆਂ ਹੋਈਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਅੱਗੇ ਦੱਸਿਆ ਕਿ ਸਥਾਨਕ ਅਦਾਲਤ ਨੇ ਮੁਲਜ਼ਮਾਂ ਦਾ 10 ਦਿਨ ਦਾ ਰਿਮਾਂਡ ਦਿੱਤਾ ਹੈ ਅਤੇ ਮੁਲਜ਼ਮਾਂ ਕੋਲੋਂ ਪੁੱਛਗਿਛ ਜਾਰੀ ਹੈ। ਪੁਲੀਸ ਟੀਮਾਂ ਫਿਲਹਾਲ ਗਰੋਹ ਦੇ ਬਾਕੀ ਮੈਂਬਰਾਂ ਨੂੰ ਫੜਨ ਲਈ ਛਾਪੇ ਮਾਰ ਰਹੀਆਂ ਹਨ ਕਿਉਂਕਿ ਹੋਰ ਬਰਾਮਦਗੀ ਹੋਣੀ ਅਜੇ ਬਾਕੀ ਹੈ।