DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Paddy Crop Damage: ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ

ਮੰਡੀਆਂ ਦੇ ਬਣੇ ਫਡ਼੍ਹਾਂ ’ਚ ਝੋਨਾ ਭਿੱਜਿਆ; ਝੋਨੇ ਦੀ ਕਟਾੲੀ ਨੂੰ ਬਰੇਕਾਂ ਲੱਗੀਆਂ

  • fb
  • twitter
  • whatsapp
  • whatsapp
featured-img featured-img
ਜਲੰਧਰ ਪੂਰਬੀ ਬਲਾਕ ਵਿੱਚ ਐਤਵਾਰ ਨੂੰ ਮੀਂਹ ਅਤੇ ਹਨੇਰੀ ਕਾਰਨ ਵਿਛਿਆ ਪਿਆ ਝੋਨਾ। -ਫੋਟੋ: ਸਰਬਜੀਤ ਸਿੰਘ
Advertisement

ਅੱਜ ਸਵੇਰੇ ਤਹਿਸੀਲ ਸ਼ਾਹਕੋਟ ਅਤੇ ਨਕੋਦਰ ਵਿਚ ਪਏ ਦਰਮਿਆਨੇ ਮੀਂਹ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ। ਇਸ ਮੌਕੇ ਕਿਸਾਨਾਂ ਦੀ ਝੋਨੇ ਦੀ ਪੱਕੀ ਹੋਈ ਫਸਲ ਦੀ ਵਢਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਅੱਜ ਅਚਾਨਕ ਹੋਈ ਵਰਖਾ ਨੇ ਝੋਨੇ ਦੀ ਕਟਾਈ ਦੇ ਚੱਲ ਰਹੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨਾਲ ਕਈ ਥਾਵਾਂ ’ਤੇ ਪੱਕਾ ਝੋਨਾ ਧਰਤੀ ’ਤੇ ਵਿਛ ਗਿਆ ਹੈ। ਇਸ ਕਾਰਨ ਝੋਨੇ ਦਾ ਝਾੜ ਵੀ ਪ੍ਰਭਾਵਿਤ ਹੋਵੇਗਾ ਅਤੇ ਇਸ ਦੀ ਗੁਣਵਤਾ ’ਤੇ ਵੀ ਮਾੜਾ ਅਸਰ ਪਵੇਗਾ। ਕਿਸਾਨਾਂ ਦੀ ਝੋਨੇ ਦੀ ਫਸਲ ਖਰੀਦਣ ਲਈ ਜਿਨ੍ਹਾਂ ਮੰਡੀਆਂ ਨੇ ਖੁੱਲ੍ਹੇ ਅਸਮਾਨ ਵਿੱਚ ਫੜ੍ਹ ਬਣਾਏ ਹੋਏ ਹਨ, ਉਥੇ ਝੋਨਾ ਮੀਂਹ ਕਾਰਨ ਭਿੱਜ ਗਿਆ।

ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਸਰਹੱਦੀ ਜ਼ਿਲ੍ਹੇ ’ਚ ਸਵੇਰ ਤੋਂ ਪਏ ਭਾਰੀ ਮੀਂਹ ਕਾਰਨ ਅਨਾਜ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੇ ਝੋਨੇ ਦੇ ਢੇਰ ਭਿੱਜਣ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਇਸ ਖੇਤਰ ’ਚ ਪੱਕੀਆਂ ਅਤੇ ਕੱਚੀਆਂ ਮੰਡੀਆਂ ’ਚ ਮੀਂਹ ਕਾਰਨ ਭਿੱਜਦੇ ਝੋਨੇ ਨੂੰ ਬਚਾਉਣ ਲਈ ਜ਼ਿਆਦਾ ਪੁਖਤਾ ਪ੍ਰਬੰਧ ਵੀ ਨਹੀਂ ਸਨ। ਅਨਾਜ ਮੰਡੀ ਕਲਾਨੌਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਝੋਨਾ ਵੇਚਣ ਲਈ ਆਏ ਕਿਸਾਨ ਗੁਰਜੀਤ ਸਿੰਘ, ਜਸਵੰਤ ਸਿੰਘ, ਗੁਰਦਿਆਲ ਸਿੰਘ, ਬਲਵੰਤ ਸਿੰਘ, ਹਰਦੇਵ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਮਾਤਰ ਹੋ ਰਹੀ ਸੀ, ਅੱਜ ਮੀਂਹ ਪੈਣ ਨਾਲ ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਖੇਤਰ ਮੰਡੀਆਂ ’ਚ ਪਿਆ ਸਾਰਾ ਝੋਨਾ ਭਿੱਜ ਗਿਆ।

Advertisement

ਤਰਨ ਤਾਰਨ (ਗੁਰਬਖਸ਼ਪੁਰੀ): ਇਥੇ ਅੱਜ ਤੜਕਸਾਰ ਜ਼ਿਲ੍ਹੇ ਦੇ ਵੱਖ-ਵੱਖ ਭਾਗਾਂ ਵਿੱਚ ਤੜਕਸਾਰ ਕਰੀਬ ਇਕ ਘੰਟਾ ਮੀਂਹ ਪਿਆ। ਪਹਿਲਾਂ ਹਨੇਰੀ ਵੀ ਚੱਲੀ ਸੀ ਜਿਸ ਨੇ ਉੱਚੇ ਕਦ ਵਾਲੀਆਂ ਬਾਸਮਤੀ ਦੀਆਂ 1121 ਅਤੇ 1718 ਕਿਸਮਾਂ ਦਾ ਥੋੜ੍ਹਾ ਨੁਕਸਾਨ ਕੀਤਾ ਹੈ। ਪਿੰਡ ਰਾਜੋਕੇ ਦੇ ਸਰਪੰਚ ਰਾਜਬੀਰ ਸਿੰਘ ਨੇ ਦੱਸਿਆ ਕਿ ਅੱਜ ਦੀ ਬਾਰਸ਼ ਦਾ ਨੁਕਸਾਨ ਹੀ ਹੋਇਆ ਹੈ। ਪਿੰਡ ਰਸੂਲਪੁਰ ਦੇ ਕਿਸਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਹੋਈ ਬਾਰਸ਼ ਨੇ ਬਾਸਮਤੀ ਦੀਆਂ ਪੱਕ ਚੁੱਕੀਆਂ ਕਿਸਮਾਂ 1509 ਅਤੇ 1692 ਦਾ ਥੋੜ੍ਹਾ ਵਧੇਰੇ ਨੁਕਸਾਨ ਕੀਤਾ ਹੈ। ਭਾਵੇਂ ਇਸ ਬਾਰਸ਼ ਨਾਲ ਚੱਲੀ ਹਨੇਰੀ ਨੇ ਬਾਸਮਤੀ ਦੀ ਕਿਸਮ 1121 ਅਤੇ 1718 ਆਦਿ ਦਾ ਘੱਟ ਨੁਕਸਾਨ ਕੀਤਾ ਹੈ।

Advertisement

ਬੇਮੌਸਮੇ ਮੀਂਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ

ਜਲੰਧਰ (ਹਤਿੰਦਰ ਮਹਿਤਾ): ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਅੱਜ ਸਵੇਰੇ ਤੋਂ ਪੰਜਾਬ ਵਿੱਚ ਪੈ ਰਹੇ ਮੀਂਹ ਅਤੇ ਗੜਿਆਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਸੌ ਫ਼ੀਸਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖ਼ਰਾਬ ਮੌਸਮ ਨੇ ਖੇਤ ਵਿੱਚ ਖੜ੍ਹੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਨਾਲ ਹੁਣ ਕਿਸਾਨਾਂ ਦਾ ਫਸਲ ਵੱਢਣ ’ਤੇ ਖ਼ਰਚ ਵਧ ਜਾਵੇਗਾ ਅਤੇ ਝਾੜ ਘੱਟ ਜਾਵੇਗਾ। ਮੰਡੀਆਂ ਵਿੱਚ ਪਿਆ ਝੋਨਾ ਗਿੱਲਾ ਹੋ ਗਿਆ ਹੈ ਜਿਸ ਨੂੰ ਸੁਕਾਉਣ ਲਈ ਜ਼ਿਆਦਾ ਸਮਾਂ ਲੱਗੇਗਾ। ਆਗੂਆਂ ਨੇ ਮੰਗ ਕੀਤੀ ਕਿ ਨਮੀ ਦੀ ਮਾਤਰਾ 22 ਫ਼ੀਸਦ ’ਤੇ ਝੋਨਾ ਖ਼ਰੀਦਿਆ ਜਾਵੇ ਤੇ ਮੁਆਵਜ਼ੇ ਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ। ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਸਰਕਾਰ ਖੇਤ ਨੂੰ ਇਕਾਈ ਮੰਨ ਕੇ ਫਸਲ ਬੀਮਾ ਯੋਜਨਾ ਚਾਲੂ ਕਰੇ, ਜਿਸ ਨਾਲ ਕਿਸਾਨ ਦੇ ਕੁਦਰਤੀ ਆਫ਼ਤਾਂ ਨਾਲ ਹੁੰਦੇ ਨੁਕਸਾਨ ਦੀ ਭਰਪਾਈ ਹੋ ਸਕੇ।

ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲਿਆ

ਜਲੰਧਰ (ਪੱਤਰ ਪ੍ਰੇਰਕ ) ਸਵੇਰ ਤੋਂ ਪੈ ਰਹੀ ਤੇਜ਼ ਬਾਰਿਸ਼ ਨੇ ਜ਼ਿਲ੍ਹੇ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਦਿਨ ਵੇਲੇ ਹੀ ਹਨੇਰਾ ਛਾ ਗਿਆ ਹੈ। ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਆਈ ਇਸ ਅਚਾਨਕ ਗਿਰਾਵਟ ਨੇ ਲੋਕਾਂ ਨੂੰ ਆਉਣ ਵਾਲੀ ਠੰਢ ਦਾ ਪਹਿਲਾਂ ਹੀ ਅਹਿਸਾਸ ਕਰਵਾ ਦਿੱਤਾ ਹੈ। ਜਲੰਧਰ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਪਿਲ ਗਰਗ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜ਼ਮੀਨੀ ਹਕੀਕਤਾਂ ਨੂੰ ਦੇਖਦਿਆਂ ਨਮੀ ਦੀ ਮਾਤਰਾ ਅਤੇ ਟੁੱਟੇ ਹੋਏ ਚੌਲਾਂ ਬਾਰੇ ਨਿਰਧਾਰਤ ਮਾਪਦੰਡਾਂ ਵਿੱਚ ਤੁਰੰਤ ਢਿੱਲ ਦਿੱਤੀ ਜਾਵੇ। ਉਨ੍ਹਾਂ ਨੇ ਗੋਦਾਮਾਂ ਵਿੱਚੋਂ ਤਿਆਰ ਚੌਲਾਂ ਦੀ ਤੁਰੰਤ ਚੁਕਾਈ ਲਈ ਪੁਖ਼ਤਾ ਪ੍ਰਬੰਧ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਤਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ, ਜਿਸ ਨਾਲ ਕਿਸਾਨਾਂ ਅਤੇ ਮਿੱਲ ਮਾਲਕਾਂ ਵਿਚਕਾਰ ਟਕਰਾਅ ਪੈਦਾ ਹੋਣ ਦਾ ਖਤਰਾ ਬਣ ਸਕਦਾ ਹੈ।

Advertisement
×