ਦਲਬੀਰ ਸੱਖੋਵਾਲੀਆ
ਬਟਾਲਾ, 15 ਸਤੰਬਰ
ਨਵ ਗਠਿਤ ਨਿਊ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਜਸਵੰਤ ਸਿੰਘ ਦਾਲਮ ਨੇ ਇੱਥੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਲੋਕ ਹਿੱਤ ਵਿੱਚ ਕੰਮ ਕਰੇਗੀ। ਉਨ੍ਹਾਂ ਦੋ ਦਿਨ ਪਹਿਲਾਂ ਪਟਵਾਰ ਯੂਨੀਅਨ ਵੱਲੋਂ ਅੰਮ੍ਰਿਤਸਰ ਪ੍ਰੈੱਸ ਮਿਲਣੀ ਦੌਰਾਨ ਜੋ ਹੁਲੜਬਾਜ਼ੀ ਕੀਤੀ, ਉਹ ਭਵਿੱਖ ਵਿੱਚ ਸਹਿਣ ਨਹੀਂ ਹੋਵੇਗਾ। ਸੂਬਾ ਪ੍ਰਧਾਨ ਨੇ ਦੱਸਿਆ ਕਿ ਪਟਵਾਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿੱਚ ਹੁਲੜਬਾਜ਼ੀ ਕਰਨ ਤੋਂ ਪਹਿਲਾਂ ਉਸ ਜਥੇਬੰਦੀ ਦੇ ਆਗੂ ਨਵ ਗਠਿਤ ਜਥੇਬੰਦੀ ਨਾਲ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ। ਉਨ੍ਹਾਂ ਪਟਵਾਰੀਆਂ ਦੀ ਹੜਤਾਲ ਗ਼ਲ਼ਤ ਕਰਾਰ ਦਿੰਦਿਆਂ ਕਿਹਾ ਕਿ ਅਸਲ ਵਿੱਚ ਸੰਗਰੂਰ ਤੋਂ ਪਟਵਾਰੀ ਬਲਕਾਰ ਸਿੰਘ ਜਿਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ,ਉਸ ਨੂੰ ਬਚਾਉਣ ਲਈ ਹੀ ‘ਹੜਤਾਲ’ ਹੋ ਰਹੀ ਹੈ। ਹੜਤਾਲ ਕਾਰਨ ਲੋਕ ਪ੍ਰੇਸ਼ਾਨ ਹਨ। ਸੂਬਾ ਪ੍ਰਧਾਨ ਦਾਲਮ ਨੇ ਆਖਿਆ ਕਿ ਪੰਜਾਬ ਵਿੱਚ ਐਸਮਾ ਲੱਗੇ ਨੂੰ 15 ਦਿਨ ਹੋ ਗਏ,ਪਰ ਉਸ ਦਾ ਐਕਸ਼ਨ ਹਾਲੇ ਤੱਕ ਦੇਖਣ ਨੂੰ ਨਹੀਂ ਮਿਲਿਆ। ਦੱਸਿਆ ਕਿ ਉਸ ਨੇ ਕਰੀਬ ਡੇਢ ਮਹੀਨਾ ਪਹਿਲਾਂ ਡੇਰਾ ਬਾਬਾ ਨਾਨਕ ’ਚ ਹੜ੍ਹਾਂ ਦੀ ਸਥਿਤੀ ਬਣਨ ’ਤੇ ਰਾਤ ਦੋ ਵਜੇ ਤੱਕ ਕੰਮ ਕੀਤਾ।
ਤਹਿਸੀਲ ਬਟਾਲਾ ਦੇ ਪ੍ਰਧਾਨ ਜਗਦੀਪ ਸਿੰਘ ਨੇ ਪਟਵਾਰ ਯੂਨੀਅਨ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਨੂੰ ਗ਼ਲਤ ਕਰਾਰ ਦਿੰਦਿਆਂ ਦੱਸਿਆ ਕਿ ਪਹਿਲਾਂ ਤਾਂ ਉਹ ਵੀ ਗੁੰਮਰਾਹ ਹੋਏ,ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਪਟਵਾਰ ਯੂਨੀਅਨ ਸਰਕਾਰ ’ਤੇ ਦਬਾਅ ਬਣਾ ਕੇ ਪਟਵਾਰੀ ਬਲਕਾਰ ਸਿੰਘ ਨੂੰ ਰਾਹਤ ਦੇਣਾ ਚਾਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਡੀਸੀ ਤੋਂ ਮੰਗ ਕੀਤੀ ਕਿ ਜਿਹੜੇ ਪਟਵਾਰੀਆਂ ਨੇ ਹੜਤਾਲ ਦੌਰਾਨ ਸਰਕਲ ਛੱਡੇ, ਨਵੀਂ ਬਣੀ ਜਥੇਬੰਦੀ ਦੇ ਅਹੁਦੇਦਾਰਾਂ ਦੀ ਉਥੇ ਡਿਊਟੀ ਲਗਾਈ ਜਾਵੇ।