ਵਿਰੋਧੀ ਧਿਰਾਂ ਅਮਨ-ਸ਼ਾਂਤੀ ਖ਼ਰਾਬ ਕਰਨ ’ਚ ਲੱਗੀਆਂ: ਕੱਟਾਰੂਚੱਕ
ਪੁਲੀਸ ਜਵਾਨਾਂ ਦੀ ਸ਼ਹਾਦਤ ’ਤੇ ਸਿਆਸਤ ਕਰਨ ਦੀ ਨਿਖੇਧੀ; ਕਟਾਰੂਚੱਕ, ਭੁੱਲਰ, ਸ਼ੈਰੀ ਕਲਸੀ ਤੇ ਰੰਧਾਵਾ ਨੇ ਸ਼ਹੀਦਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਲਾਲਜੀਤ ਸਿੰਘ ਭੁੱਲਰ ਨੇ ਲੰਘੇ ਦਿਨੀਂ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਪਿੰਡ ਆਦੀਆਂ ’ਚ ਵਾਪਰੀ ਮੰਦਭਾਗੀ ਘਟਨਾ ਵਿੱਚ ਸ਼ਹੀਦ ਹੋਏ ਪਿੰਡ ਗਾਦੜੀਆਂ ਦੇ ਏ ਐੱਸ ਆਈ ਗੁਰਨਾਮ ਸਿੰਘ ਅਤੇ ਪਿੰਡ ਅਖਲਾਸਪੁਰ ਦੇ ਪੰਜਾਬ ਹੋਮ ਗਾਰਡ ਅਸ਼ੋਕ ਕੁਮਾਰ ਦੇ ਗ੍ਰਹਿ ਕ੍ਰਮਵਾਰ ਪਿੰਡ ਗਾਦੜੀਆਂ ਅਤੇ ਪਿੰਡ ਅਖਲਾਸਪੁਰ ਪਹੁੰਚ ਕੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ। ਉਨ੍ਹਾਂ ਨਾਲ ‘ਆਪ’ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ ਆਦਿ ਮੌਜੂਦ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਆਦੀਆਂ ’ਚ ਸ਼ਹੀਦ ਹੋਏ ਦੋਵੇਂ ਜਵਾਨ ਪੰਜਾਬ ਦਾ ਮਾਣ ਅਤੇ ਦੇਸ਼ ਦੇ ਸਿਰ ਦਾ ਤਾਜ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਐਕਸਗ੍ਰੇਸੀਆ ਰਾਸ਼ੀ ਦੇਵੇਗੀ। ਉਨਾਂ ਕਿਹਾ ਵਿਰੋਧੀ ਪਾਰਟੀਆਂ, ਪੰਜਾਬ ਅਤੇ ਦੇਸ਼ ਦੀ ਅਮਨ ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਤੋੜਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਦੀ ਬੋਲੀ ਬੋਲ ਰਹੀਆਂ ਹਨ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਪਾਕਿ ਆਧਾਰਿਤ ਆਈ ਐੱਸ ਆਈ ਏਜੰਸੀ ਸਰਹੱਦੀ ਸੂਬੇ ਪੰਜਾਬ ਅਤੇ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਰੋਧੀ ਤਾਕਤਾਂ ਦੇ ਚੁੰਗਲ ਵਿੱਚ ਨਾ ਫਸਣ ਤੇ ਸੂਬੇ ਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਸੂਬੇ ਦੀ ਅਮਨ ਸ਼ਾਤੀ ਭੰਗ ਕਰਨ ਵਾਲੀਆਂ ਤਾਕਤਾਂ ਨੂੰ ਬਖਸ਼ਿਆ ਨਹੀ ਜਾਵੇਗਾ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

