ਜਤਿੰਦਰ ਸਿੰਘ
ਸ੍ਰੀ ਗੋਇੰਦਵਾਲ ਸਾਹਿਬ, 7 ਮਈ
ਪਿੰਡ ਧੂੰਦਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੱਚੇ ਬੰਨ੍ਹ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾ ਹੀ ਵਿਵਾਦਾਂ ’ਚ ਘਿਰ ਰਿਹਾ ਹੈ। ਦਰਿਆ ਬਿਆਸ ਕਿਨਾਰੇ ਵੱਸੇ ਪਿੰਡ ਧੂੰਦਾਂ ਦੇ ਕਿਸਾਨਾਂ ਨੇ ਦਰਿਆ ਦੇ ਕੱਚੇ ਬੰਨ੍ਹ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾ ਹੀ ਧਰਨਾ ਲਾ ਕੇ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਧਰਨਾ ਦੇ ਰਹੇ ਪਿੰਡ ਧੂੰਦਾਂ ਦੇ ਕਿਸਾਨਾਂ ਨਰਵੈਲ ਸਿੰਘ, ਹਰਿੰਦਰ ਸਿੰਘ ਠੇਕੇਦਾਰ, ਰਜਿੰਦਰ ਸਿੰਘ ਮੈਂਬਰ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਦਰਿਆ ਦੇ ਬੰਨ੍ਹ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਨਹੀਂ ਬਨਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਦਰਿਆ ਪਹਿਲਾਂ ਕਪੂਰਥਲਾ ਜ਼ਿਲ੍ਹੇ ’ਚ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਵਗ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ 1900 ਏਕੜ ਜ਼ਮੀਨ ਦਰਿਆ ਹੇਠ ਸੀ ਪਰ ਹੁਣ ਕੁਝ ਸਮੇਂ ਤੋਂ ਦਰਿਆ ਨੇ ਆਪਣਾ ਰੁਖ਼ ਬਦਲ ਲਿਆ ਹੈ, ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਦਰਿਆ ਹੇਠੋਂ ਨਿਕਲ ਕੇ ਵਾਹੀ ਯੋਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਿਆਸੀ ਪੁਹੰਚ ਕਾਰਨ ਦਰਿਆ ਦੇ ਬਦਲ ਰਹੇ ਵਹਾਅ ਨੂੰ ਰੋਕਣ ਲਈ ਪੱਕਾ ਬੰਨ੍ਹ ਬਣਵਾਇਆ ਜਾ ਰਿਹਾ ਹੈ।
ਧਰਨਾ ਦੇ ਰਹੇ ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਪੱਕਾ ਬੰਨ੍ਹ ਬਣਾਉਣ ਦਾ ਕੰਮ ਬੰਦ ਕੀਤਾ ਜਾਵੇ ਅਤੇ ਦਰਿਆ ਨੂੰ ਕੁਦਰਤੀ ਵਹਿਣ ਵਿੱਚ ਵਹਿਣ ਦਿੱਤਾ ਜਾਵੇ। ਇਸ ਮੌਕੇ ਧਰਨਾ ਦੇ ਰਹੇ ਕਿਸਾਨਾਂ ਨੇ ਬੰਨ੍ਹ ਬਣਾਉਣ ਲਈ ਆਏ ਪੱਥਰਾਂ ਦੇ ਅੱਧੀ ਦਰਜਨ ਦੇ ਕਰੀਬ ਟਰੱਕ ਧੁੱਸੀ ਬੰਨ੍ਹ ’ਤੇ ਰੋਕ ਰੱਖੇ ਸਨ।
ਇਸ ਮੌਕੇ ਗੁਰਦਿਆਲ ਸਿੰਘ, ਅਮਰਜੀਤ ਸਿੰਘ, ਰਾਜਵਿੰਦਰ ਸਿੰਘ, ਰਣਜੀਤ ਸਿੰਘ, ਸੁਖਵੰਤ ਕੌਰ ਤੇ ਸੁਰਜੀਤ ਕੌਰ ਮੌਜੂਦ ਸਨ।