ਮਜੀਠਾ ਤੇ ਰਮਦਾਸ ਵਿੱਚ ਮੱਤਦਾਨ ਦੌਰਾਨ ਝੜਪਾਂ ’ਚ ਇਕ ਜ਼ਖ਼ਮੀ
ਨਗਰ ਕੌਂਸਲ ਮਜੀਠਾ ਦੀ ਹੋਈ ਚੋਣ ਵਿੱਚ ਅੱਜ ਸਾਰਾ ਦਿਨ ਮਾਹੌਲ ਤਣਾਅਪੂਰਨ ਰਿਹਾ ਅਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਝਗੜੇ ਦੌਰਾਨ ਇਕ ਅਕਾਲੀ ਵਰਕਰ ਦੇ ਸਿਰ ਵਿਚ ਸੱਟ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਵੋਟਾਂ ਪੈਣ...
ਨਗਰ ਕੌਂਸਲ ਮਜੀਠਾ ਦੀ ਹੋਈ ਚੋਣ ਵਿੱਚ ਅੱਜ ਸਾਰਾ ਦਿਨ ਮਾਹੌਲ ਤਣਾਅਪੂਰਨ ਰਿਹਾ ਅਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਝਗੜੇ ਦੌਰਾਨ ਇਕ ਅਕਾਲੀ ਵਰਕਰ ਦੇ ਸਿਰ ਵਿਚ ਸੱਟ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਸ਼ੁਰੂ ਹੋਇਆ ਅਤੇ ਦੁਪਹਿਰ ਜਦੋਂ ਬਿਕਰਮ ਮਜੀਠੀਆ ਆਪਣੀ ਪਤਨੀ ਅਤੇ ਹਲਕਾ ਵਿਧਾਇਕਾ ਗਨੀਵ ਕੌਰ ਨਾਲ ਜਦੋਂ ਵੋਟ ਪਾਉਣ ਆਏ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਅਕਾਲੀ ਦਲ ਦੇ ਵਰਕਰਾਂ ਵਲੋਂ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਹਾਲਾਤ ਵਿਗੜਦਿਆਂ ਵੇਖ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਦੋਹਾਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ। ਫਿਰ ਦੁਪਹਿਰ ਤੋਂ ਬਾਅਦ ਮਜੀਠਾ ਦੇ ਪੁਰਾਣੇ ਬੱਸ ਅੱਡੇ ਨੇੜੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਝੜਪ ਹੋ ਗਈ ਜਿਸ ਵਿਚ ਇਕ ਅਕਾਲੀ ਵਰਕਰ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਇਹ ਘਟਨਾ ਦਾ ਪਤਾ ਲੱਗਦਿਆਂ ਹੀ ਬਿਕਰਮ ਮਜੀਠੀਆ ਆਪਣੇ ਸਾਥੀਆਂ ਸਮੇਤ ਉਥੇ ਪਹੁੰਚ ਗਏ ਅਤੇ ਥਾਣੇ ਰਿਪੋਰਟ ਦਰਜ ਕਰਵਾਉਣ ਜਦੋਂ ਪਹੁੰਚੇ ਤਾਂ ਉਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਉਥੇ ਪਹੁੰਚ ਗਏ। ਫਿਰ ਦੋਹਾਂ ਦੇ ਸਮਰਥਕਾਂ ਵਿਚਕਾਰ ਨਾਅਰੇਬਾਜ਼ੀ ਹੋਈ। ਮਜੀਠੀਆ ਵਲੋਂ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਦੂਜੇ ਪਾਸੇ ਰਮਦਾਸ ਨਗਰ ਕੌਂਸਲ ਦੀ ਚੋਣ ਦੌਰਾਨ ਵੀ ਨਿੱਕਾ ਦੁੱਕਾ ਤਕਰਾਰ ਹੋਏ। ਰਮਦਾਸ ਨਗਰ ਕੌਂਸਲ ਚੋਣ ਦੌਰਾਨ 11 ਨੰਬਰ ਵਾਰਡ ਵਿਚ ਸਰਕਾਰੀ ਸਕੂਲ ਦੇ ਬਾਹਰ ਭਾਰੀ ਹੰਗਾਮਾ ਹੋਇਆ ਹੈ। ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਾਜਪਾ ਦੇ ਆਗੂ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਤੇ ਅਕਾਲੀ ਦਲ ਦੇ ਜੋਧ ਸਿੰਘ ਸਮਰਾ ਨੇ ਦੋਸ਼ ਲਾਇਆ ਕਿ ਇਸ ਬੂਥ ਅੰਦਰ ਆਮ ਆਦਮੀ ਪਾਰਟੀ ਵਲੋਂ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ। ਉਕਤ ਸਾਰੇ ਆਗੂ ਸਕੂਲ ਦੇ ਬੂਥ ਦੇ ਬਾਹਰ ਪਹੁੰਚੇ ਤਾਂ ਪੁਲੀਸ ਵਲੋਂ ਰੋਕੇ ਜਾਣ ’ਤੇ ਹਲਕੀ ਧੱਕਾ-ਮੁੱਕੀ ਵੀ ਹੋਈ। ਹਰਪ੍ਰਤਾਪ ਅਜਨਾਲਾ ਨੇ ਕਿਹਾ ਕਿ ਪੁਲੀਸ ਸ਼ਰੇਆਮ ‘ਆਪ’ ਦੀ ਏਜੰਟ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਇਸ ਸਬੰਧੀ ਹਾਲਾਤ ਵਿਗੜਦਿਆਂ ਵੇਖ ਐੱਸ ਡੀ ਐੱਮ ਅਜਨਾਲਾ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਤਿੰਨ ਵੋਟਾਂ ਦੂਸਰੀ ਵਾਰਡ ਤੋਂ ਬਦਲਕੇ ਇਸ ਵਿਚ ਆਈਆਂ ਸਨ ਅਤੇ ਉਹ ਗਲਤ ਨਹੀਂ ਸਨ। ਉਨ੍ਹਾਂ ਕਿਹਾ ਕਿ ਪੋਲਿੰਗ ਏਜੰਟਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ। ਗੁੱਸੇ ਵਿੱਚ ਲੋਕਾਂ ਵਲੋਂ ਪੁਲੀਸ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ।
ਉਧਰ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਗੜਬੜੀ ਨਹੀਂ ਹੋ ਰਹੀ ਅਤੇ ਵਿਰੋਧੀ ਆਪਣੀ ਹਾਰ ਨੂੰ ਵੇਖਕੇ ਬੁਖਲਾਹਟ ਵਿੱਚ ਆ ਗਏ ਹਨ ਅਤੇ ਹੁਣ ਬਹਾਨੇ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਰਮਦਾਸ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਇਸ ਕਰ ਕੇ ਇਹ ਰੌਲਾ ਪਾ ਕੇ ਮਹੌਲ ਖਰਾਬ ਕਰਨਾ ਚਾਹੁੰਦੇ ਹਨ।

