ਐੱਨ ਜੀ ਟੀ ਵੱਲੋਂ ਸਰਕਾਰ ਤੇ ਨਿਗਮ ਨੂੰ ਨੋਟਿਸ
ਅੰਮ੍ਰਿਤਸਰ ਸ਼ਹਿਰ ’ਚ ਕੂੜੇ, ਸਫਾਈ ਅਤੇ ਸੀਵਰੇਜ ਸਮੱਸਿਆ ’ਤੇ ਜਵਾਬ ਮੰਗਿਆ; ਮਾਮਲੇ ਦੀ ਸੁਣਵਾਈ 17 ਨੂੰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਅੰਮ੍ਰਿਤਸਰ ਸ਼ਹਿਰ ਵਿੱਚ ਮਾੜੀ ਸਫਾਈ ਪ੍ਰਣਾਲੀ, ਕੂੜੇ ਦੀ ਚੁਕਾਈ ਅਤੇ ਮਾੜੀ ਸਾਂਭ ਸੰਭਾਲ, ਹਰ ਜਗ੍ਹਾ ਕੂੜੇ ਦੇ ਢੇਰ ਅਤੇ ਖ਼ਰਾਬ ਸੀਵਰੇਜ ਪ੍ਰਣਾਲੀ ਸਬੰਧੀ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ ਹੈ। ਐੱਨ ਜੀ ਟੀ ਨੇ ਇਹ ਹੁਕਮ ਸਾਬਕਾ ਆਈ ਏ ਐੱਸ ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ‘ਤੇ ਜਾਰੀ ਕੀਤਾ ਹੈ।
ਅੱਜ ਇੱਥੇ ਡਾ. ਰਾਜੂ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਤੇ ਸੀਵਰੇਜ ਪ੍ਰਣਾਲੀ ਬੇਹੱਦ ਮਾੜੀ ਹੈ। ਨਗਰ ਨਿਗਮ ਹਰ ਸਾਲ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ ਤੇ ਸੱਤਾ ਵਿੱਚ ਬੈਠੇ ਲੋਕ ਵੀ ਬਿਹਤਰ ਕੰਮ ਕਰਨ ਦਾ ਦਾਅਵਾ ਕਰ ਰਹੇ ਹਨ।
ਡਾ. ਰਾਜੂ ਜੋ ਇਸ ਸਮੇਂ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਅਤੇ ਪੂਰਬੀ ਹਲਕੇ ਦੇ ਇੰਚਾਰਜ ਹਨ, ਨੇ ਆਖਿਆ ਕਿ ਅੰਮ੍ਰਿਤਸਰ ਵਰਗੇ ਪਵਿੱਤਰ ਅਤੇ ਸੈਰ-ਸਪਾਟੇ ਵਾਲੇ ਸ਼ਹਿਰ ਵਿੱਚ ਰੋਜ਼ਾਨਾ ਲੱਖਾਂ ਲੋਕ ਆਉਂਦੇ ਹਨ ਪਰ ਹਰ ਪਾਸੇ ਕੂੜੇ ਦੇ ਢੇਰ, ਬੰਦ ਸੀਵਰੇਜ, ਗੰਦਗੀ ਨਾਲ ਭਰੀਆਂ ਗਲੀਆਂ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਸਵੱਛ ਭਾਰਤ ਸਰਵੇਖਣ ਵਿੱਚ ਵੀ ਅੰਮ੍ਰਿਤਸਰ ਸਫਾਈ ਪੱਖੋਂ ਬਹੁਤ ਪੱਛੜ ਗਿਆ। ਡਾ. ਰਾਜੂ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਜਨਤਕ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਮੁੱਦਾ ਐੱਨ ਜੀ ਟੀ ਕੋਲ ਉਠਾਇਆ ਸੀ ਅਤੇ ਐੱਨ ਜੀ ਟੀ ਨੇ 26 ਫਰਵਰੀ ਨੂੰ ਸਰਕਾਰ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ। ਨੋਟਿਸ ਵਿੱਚ ਅਗਲੀ ਸੁਣਵਾਈ 17 ਮਾਰਚ ਨੂੰ ਰੱਖੀ ਗਈ ਹੈ ਤੇ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਇਸ ਸਬੰਧੀ ਹਲਫ਼ਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਗਿਆ ਹੈ।

