Mysterious Death Of A Missing Person: ਸਰਪੰਚ ਦੇ ਪਤੀ ਦੀ ਲਾਸ਼ ਮਿਲੀ
ਦੋ ਦਿਨਾਂ ਤੋਂ ਲਾਪਤਾ ਸੀ ਸਾਬਕਾ ਫੌਜੀ ਕੁਲਜੀਤ ਸਿੰਘ
ਪਿੰਡ ਮਹਿਮਦ ਮੰਦਰਾਂਵਾਲਾ ਤੋਂ ਮੌਜੂਦਾ ਸਰਪੰਚ ਦੇ ਪਿਛਲੇ ਦੋ ਦਿਨ ਤੋਂ ਲਾਪਤਾ ਪਤੀ ਸਾਬਕਾ ਫੌਜੀ ਕੁਲਜੀਤ ਸਿੰਘ ਦੀ ਲਾਸ਼ ਪੁਲੀਸ ਥਾਣਾ ਰਮਦਾਸ ਦੇ ਖੇਤਰ ਪਿੰਡ ਰਵਾਲ ਨੇੜੇ ਸੜਕ ਕਿਨਾਰੇ ਤੋਂ ਭੇਤ-ਭਰੀ ਹਾਲਤ ਵਿੱਚ ਮਿਲੀ। ਪਰਿਵਾਰਕ ਮੈਂਬਰਾਂ ਨੇ ਕੁਲਜੀਤ ਸਿੰਘ ਦੇ ਕਤਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਕੁਲਜੀਤ ਸਿੰਘ 21 ਸਤੰਬਰ ਨੂੰ ਸਵੇਰੇ ਘਰ ਤੋਂ ਫ਼ਤਹਿਗੜ੍ਹ ਚੂੜੀਆਂ ਸਥਿਤ ਸੁਖੀਆ ਸੈਂਟਰ ਜਾਣ ਲਈ ਨਿਕਲੇ ਸਨ, ਪਰ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ‘ਸੁਖ’ ਔਜਲਾ ਨੇ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਡੀ ਐੱਸ ਪੀ ਅਜਨਾਲਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਰਪੰਚ ਕੁਲਜੀਤ ਸਿੰਘ ਫੌਜੀ ਦੇ ਲਾਪਤਾ ਹੋਣ ਸਬੰਧੀ ਪਹਿਲਾਂ ਹੀ ਥਾਣਾ ਰਮਦਾਸ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਦਸੇ ਦੌਰਾਨ ਅੱਪਰਾ ਦੇ ਪੰਚ ਦੀ ਮੌਤ
ਫਿਲੌਰ (ਪੱਤਰ ਪ੍ਰੇਰਕ): ਮਹਿੰਦਰਾ ਐਕਸਯੂਵੀ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਮੋਹਨ ਲਾਲ ਪੰਚ ਅੱਪਰਾ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਬੋਧ ਰਾਜ ਨੇ ਦੱਸਿਆ ਕਿ ਅੱਪਰਾ ਰੋਡ ’ਤੇ ਕਲਗੀਧਰ ਮਾਰਕੀਟ ਨੇੜੇ ਮੋਹਨ ਲਾਲ ਸਾਈਕਲ ’ਤੇ ਘਰ ਵਾਪਸ ਜਾਣ ਲਈ ਖੜ੍ਹਾ ਸੀ, ਜਿੱਥੇ ਬੰਗਾ ਸਾਈਡ ਤੋਂ ਆਈ ਮਹਿੰਦਰਾ ਐਕਸ ਯੂ ਵੀ ਨੰਬਰ ਪੀ ਬੀ 10 ਡੀ ਜੇ 0085 ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਮੌਜੂਦ ਲੋਕਾਂ ਨੇ ਕਾਰ ਦੇ ਡਰਾਈਵਰ ਸਣੇ ਦੋ ਜਣਿਆਂ ਨੂੰ ਕਾਬੂ ਕਰ ਲਿਆ, ਜਦਕਿ ਦੋ ਹੋਰ ਫ਼ਰਾਰ ਹੋ ਗਏ। ਪੁਲੀਸ ਮੁਤਾਬਿਕ ਕਾਰ ਦੀ ਤਲਾਸ਼ੀ ਦੌਰਾਨ ਗੰਡਾਸਾ ਤੇ ਗੰਡਾਸੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਜਸਕਰਨ ਮਾਹੀ ਵਾਸੀ ਬੇਰੋਵਾਲ ਤੇ ਨਵਦੀਪ ਉਰਫ਼ ਨਵੀ ਵਾਸੀ ਮਸਾਣੀ ਵਜੋਂ ਹੋਈ। ਜ਼ਖ਼ਮੀ ਮੋਹਨ ਲਾਲ ਨੂੰ ਪਹਿਲਾਂ ਸਿਵਲ ਹਸਪਤਾਲ ਮਗਰੋਂ ਡੀ ਐੱਮ ਸੀ ਲੁਧਿਆਣਾ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

