ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਸਤੰਬਰ
ਬੱਸ ਮਾਲਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਰੱਖਣ ਵਾਸਤੇ ਕੋਈ ਪ੍ਰਬੰਧ ਨਾ ਹੋਣ ਕਾਰਨ ਉਸ ਦੇ ਪਰਿਵਾਰ ਅਤੇ ਸਮਰਥਕਾਂ ਨੇ ਅੱਜ ਸਿਵਲ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਆਖਿਆ ਕਿ ਪੋਸਟਮਾਰਟਮ ਘਰ ਵਿਚ ਲਾਸ਼ਾਂ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ। ਪ੍ਰਦਰਸ਼ਨਕਾਰੀਆਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਹੈ।
ਇਹ ਧਰਨਾ ਉਸ ਵੇਲੇ ਖਤਮ ਹੋਇਆ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਚਰਨਜੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਹਸਪਤਾਲ ਪ੍ਰਸ਼ਾਸਨ ਵਲੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੁਰਦਾਘਰ ਵਿਚ ਲਾਸ਼ ਨੂੰ ਰੱਖਣ ਲਈ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਆਪਣੇ ਵਲੋਂ ਪ੍ਰਬੰਧ ਕੀਤਾ ਸੀ ਪਰ ਕਰਮਚਾਰੀਆਂ ਨੇ ਇਸ ਪ੍ਰਬੰਧ ਨੂੰ ਅਣਗੌਲਿਆਂ ਕਰ ਦਿੱਤਾ।
ਇਥੇ ਦੱਸਣਯੋਗ ਹੈ ਕਿ ਬੱਸਾਂ ਨੂੰ ਚਲਾਉਣ ਦੇ ਸਮੇਂ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਬੱਸ ਮਾਲਕ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਇਕ ਨਾਲੇ ਨੇੜਿਉਂ ਮਿਲੀ। ਉਸ ਦੀ ਲਾਸ਼ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਸਨ ਅਤੇ ਇਕ ਉਂਗਲੀ ਵੀ ਕੱਟੀ ਹੋਈ ਸੀ। ਇਸ ਮਾਮਲੇ ਵਿਚ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਦਿਲਪ੍ਰੀਤ ਸਿੰਘ ਬੱਬੂ, ਗੁਰਪ੍ਰੀਤ ਸਿੰਘ ਅਤੇ ਗੁਰਮੁਖ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਬੇਟਾ ਮਿੰਨੀ ਬੱਸ ਲੈ ਕੇ ਗਿਆ ਸੀ। ਬਾਅਦ ਦੁਪਹਿਰ ਚਾਰ ਵਜੇ ਉਸ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ 15 ਮਿੰਟਾਂ ਵਿਚ ਘਰ ਪਰਤ ਆਵੇਗਾ ਪਰ ਉਹ ਘਰ ਨਹੀਂ ਆਇਆ। ਪਰਿਵਾਰ ਵਲੋਂ ਇਸ ਸਬੰਧ ਵਿਚ ਥਾਣਾ ਰਾਜਾਸਾਂਸੀ ਵਿਖੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਬੀਤੇ ਕੱਲ ਉਸ ਦੀ ਲਾਸ਼ ਮਿਲੀ ਹੈ। ਪਰਿਵਾਰ ਨੇ ਨਾਮਜ਼ਦ ਕੀਤੇ ਵਿਅਕਤੀਆਂ ’ਤੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 302, 201 ਹੇਠ ਕੇਸ ਦਰਜ ਕੀਤਾ ਹੈ ਅਤੇ ਪੁਲੀਸ ਨਾਮਜ਼ਦ ਕੀਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।