Municipal Council President Coronation: ਨਗਰ ਕੌਂਸਲ ਪ੍ਰਧਾਨ ਲਾਲੀ ਦੀ ਤਾਜਪੋਸ਼ੀ
ਸਾਬਕਾ ਮੰਤਰੀ ਬਾਜਵਾ ਨੇ ਹਾਜ਼ਰੀ ਭਰੀ; ਕਾਂਗਰਸ ਸਰਕਾਰ ਬਣਨ ’ਤੇ ਕੰਮ ਮੁਕੰਮਲ ਕਰਵਾੳੁਣ ਦਾ ਭਰੋਸਾ
ਇੱਥੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਚੋਣ ਜਿੱਤਣ ਵਾਲੇ ਕੁਲਵਿੰਦਰ ਸਿੰਘ ਲਾਲੀ ਦੇ ਨਗਰ ਕੌਂਸਲ ਪ੍ਰਧਾਨ ਬਣਨ ’ਤੇ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੁਲਵਿੰਦਰ ਸਿੰਘ ਲਾਲੀ ਦੀ ਜਿੱਤ ਹਲਕੇ ਵਿੱਚ ਕਾਂਗਰਸ ਦੀ ਮਜ਼ਬੂਤ ਪਕੜ ਅਤੇ ਲੋਕਾਂ ਵੱਲੋਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਪ੍ਰਗਟ ਕੀਤੇ ਰੋਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਅਤੇ ਦਿਹਾਤੀ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਰਹਿਨੁਮਾਈ ਹੇਠ ਕਾਂਗਰਸੀ ਆਗੂ ਤੇ ਵਰਕਰ ਇਕਜੁੱਟ ਹਨ ਅਤੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਜਗਤਾਰ ਸਿੰਘ ਹਵਾਰਾ ਸਿੰਘ ਸਣੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈ ਅਤੇ ਪੈਰੋਲ ਦੇ ਹੱਕ ਵਿੱਚ ਵੀ ਆਵਾਜ਼ ਉਠਾਈ।
ਨਵ-ਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ ਨੇ ਕਿਹਾ ਕਿ 2027 ਵਿੱਚ ਕਾਂਗਰਸ ਸਰਕਾਰ ਬਣਨ ’ਤੇ ਸ਼ਹਿਰ ਦੇ ਸੀਵਰੇਜ ਅਤੇ ਸਫਾਈ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾਵੇਗਾ।ਇਸ ਮੌਕੇ ਬਲਵਿੰਦਰ ਸਿੰਘ ਕੋਟਲਾ ਉਬਾਮਾ, ਸਾਬਕਾ ਚੇਅਰਮੈਨ ਰਵੇਲ ਸਿੰਘ, ਬਲਵਿੰਦਰ ਸਿੰਘ ਭਾਲੋਵਾਲ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਕੌਂਸਲਰ ਰਣਯੋਧ ਸਿੰਘ ਦਿਓ, ਰਜਿੰਦਰ ਸਿੰਘ ਬਿੰਦੂ, ਗੁਰਵਿੰਦਰਜੀਤ ਸਿੰਘ ਹੀਰਾ, ਕਾਬਲ ਸਿੰਘ ਸੋਨੂੰ ਰੰਧਾਵਾ, ਨਰਿੰਦਰ ਸਿੰਘ ਮਿੰਟਾ ਰੰਧਾਵਾ, ਨਿਸ਼ਾਨ ਸਿੰਘ ਬੰਦੇਸਾ, ਅਮਨਪ੍ਰੀਤ ਸਿੰਘ, ਹਰਦਿਆਲ ਸਿੰਘ ਖੋਖਰ ਤੇ ਸੁਨੀਲ ਮਸੀਹ ਹਾਜ਼ਰ ਸਨ।

