ਨਿਗਮ ਨੇ ਪਾਰਕਿੰਗ ਗੇਟ ਨੂੰ ਤਾਲੇ ਲਾਏ, ਲੋਕ ਪ੍ਰੇਸ਼ਾਨ
ਰੇਲਵੇ ਰੋਡ ’ਤੇ ਪੁਰਾਣੀ ਤਹਿਸੀਲ ਦੀ ਥਾਂ ’ਤੇ ਨਗਰ ਨਿਗਮ ਦੀ ਪਾਰਕਿੰਗ ’ਤੇ ਸੋਮਵਾਰ ਬਾਅਦ ਦੁਪਹਿਰ ਅਚਾਨਕ ਤਾਲਾ ਲਗਾ ਦਿੱਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਜਿਨ੍ਹਾਂ ਦੇ ਵਾਹਨ ਪਾਰਕਿੰਗ ਵਿਚ ਖੜ੍ਹੇ ਸਨ, ਤਾਂ ਤਾਲਾ ਵੇਖ ਕੇ ਉਹ ਹੱਕੇ ਬੱਕੇ...
ਰੇਲਵੇ ਰੋਡ ’ਤੇ ਪੁਰਾਣੀ ਤਹਿਸੀਲ ਦੀ ਥਾਂ ’ਤੇ ਨਗਰ ਨਿਗਮ ਦੀ ਪਾਰਕਿੰਗ ’ਤੇ ਸੋਮਵਾਰ ਬਾਅਦ ਦੁਪਹਿਰ ਅਚਾਨਕ ਤਾਲਾ ਲਗਾ ਦਿੱਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਜਿਨ੍ਹਾਂ ਦੇ ਵਾਹਨ ਪਾਰਕਿੰਗ ਵਿਚ ਖੜ੍ਹੇ ਸਨ, ਤਾਂ ਤਾਲਾ ਵੇਖ ਕੇ ਉਹ ਹੱਕੇ ਬੱਕੇ ਰਹਿ ਗਏ। ਕਾਫੀ ਰੌਲੇ ਰੱਪੇ ਤੋਂ ਬਾਅਦ ਨਿਗਮ ਨੇ ਜਦੋਂ ਤਾਲਾ ਖੋਲ੍ਹਿਆ ਤਾਂ ਉਨ੍ਹਾਂ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਲੰਬੇ ਅਰਸੇ ਤੋਂ ਖਾਲੀ ਪਈ ਜ਼ਮੀਨ ਅੱਗੇ ਨਿਗਮ ਨੇ ਦੁਕਾਨਾਂ ਬਣਾ ਦਿੱਤੀਆਂ ਸਨ, ਨੂੰ 2016 ’ਚ ਪਾਰਕਿੰਗ ਨਿਰਧਾਰਿਤ ਕਰ ਦਿੱਤਾ ਗਿਆ। ਇਸ ਤੋਂ ਕਈ ਚਿਰ ਬਾਅਦ ਨਿਗਮ ਨੇ ਪਾਰਕਿੰਗ ਦਾ ਠੇਕਾ ਦੇ ਕੇ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ। ਠੇਕਾ ਖਤਮ ਹੋਣ ਤੋ ਬਾਅਦ ਵਸੂਲੀ ਬੰਦ ਹੋ ਗਈ ਅਤੇ ਪਿਛਲੇ ਚਾਰ ਸਾਲਾਂ ਤੋਂ ਮੁਫਤ ਹੀ ਇੱਥੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਰਹੇ ਸਨ। ਪਾਰਕਿੰਗ ਨੂੰ ਤਾਲਾ ਲਗਾਉਣ ’ਤੇ ਲੋਕਾਂ ਨੇ ਸਾਬਕਾ ਨਗਰ ਕੌਂਸਲਰ ਸੰਜੀਵ ਦੂਆ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਜਿਨ੍ਹਾਂ ਨੇ ਵਿਧਾਇਕ ਤੇ ਮੇਅਰ ਨਾਲ ਗੱਲ ਕੀਤੀ। ਆਖਰਕਾਰ ਦੇਰ ਸ਼ਾਮ ਨਿਗਮ ਦੇ ਸਟਾਫ ਨੇ ਤਾਲਾ ਖੋਲ੍ਹ ਦਿੱਤਾ। ਨਿਗਮ ਦੇ ਤੈਅ ਬਾਜ਼ਾਰੀ ਸਟਾਫ ਮੈਂਬਰਾਂ ਨੇ ਦੱਸਿਆ ਕਿ ਪਾਰਕਿੰਗ ਨੂੰ ਬੰਦ ਕਰਨ ਬਾਰੇ ਬਾਕਾਇਦਾ ਮੁਨਿਆਦੀ ਕਰਵਾਈ ਗਈ ਸੀ ਪਰ ਲੋਕਾਂ ਨੇ ਇਸ ਨੂੰ ਗੋਲਿਆ ਨਹੀਂ। ਸੰਜੀਵ ਦੂਆ ਨੇ ਕਿਹਾ ਕਿ ਪਾਰਕਿੰਗ ਦਾ ਠੇਕਾ ਦੇ ਕੇ ਨਿਗਮ ਨੂੰ ਕਾਫੀ ਆਮਦਨ ਹੋ ਰਹੀ ਸੀ ਤੇ ਲੋਕਾਂ ਨੂੰ ਵੀ ਇਕ ਚੰਗੀ ਸੁਵਿਧਾ ਮਿਲ ਗਈ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਠੇਕਾ ਸਿਰੇ ਨਹੀਂ ਚੜ੍ਹਦਾ ਤਾਂ ਨਿਗਮ ਆਪਣੇ ਕਰਮਚਾਰੀਆਂ ਨੂੰ ਤਾਇਨਾਤ ਕਰਕੇ ਪਾਰਕਿੰਗ ਫੀਸ ਦੀ ਵਸੂਲੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਬੰਦ ਕਰਨ ਕਾਰਨ ਇਲਾਕੇ ’ਚ ਟਰੈਫਿਕ ਦੀ ਸਮੱਸਿਆ ਹੋਰ ਵਧ ਜਾਵੇਗੀ।

