ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
ਲੰਘੀ ਰਾਤ ਸੁੰਦਰਚੱਕ-ਭੋਆ ਰੋਡ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਉਰਫ ਹੈਪੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਸੁੰਦਰਚੱਕ ਵਜੋਂ ਹੋਈ,...
ਲੰਘੀ ਰਾਤ ਸੁੰਦਰਚੱਕ-ਭੋਆ ਰੋਡ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਉਰਫ ਹੈਪੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਸੁੰਦਰਚੱਕ ਵਜੋਂ ਹੋਈ, ਜਦੋਂ ਕਿ ਜ਼ਖਮੀ ਦਾ ਨਾਂ ਸੁਮਿਤ ਕੁਮਾਰ ਵਾਸੀ ਸੁੰਦਰਚੱਕ ਦੱਸਿਆ ਜਾ ਰਿਹਾ ਹੈ। ਮੌਤ ਦੀ ਖਬਰ ਸੁਣਦਿਆਂ ਮ੍ਰਿਤਕ ਦੇ ਵਾਰਿਸਾਂ ਅਤੇ ਲੋਕਾਂ ਨੇ ਸੜਕ ਜਾਮ ਕਰਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।
ਸਰਪੰਚ ਰਵਿੰਦਰ ਕੁਮਾਰ, ਇੰਦਰਜੀਤ, ਕਾਲਾ ਰਾਮ ਸਰਪੰਚ, ਨੀਰੂ ਕਮੇਟੀ ਮੈਂਬਰ, ਰਾਜਿੰਦਰ ਕੁਮਾਰ, ਸੁਰਿੰਦਰ ਕੁਮਾਰ, ਜੋਤੀ, ਅੰਜੂ, ਅਨੀਤਾ ਨੇ ਦੱਸਿਆ ਕਿ ਸੜਕ ’ਤੇ ਮਾਈਨਿੰਗ ਵਾਲੇ ਟਰੱਕਾਂ ਕਾਰਨ ਆਵਾਜਾਈ ਬਹੁਤ ਵੱਧ ਗਈ ਹੈ, ਜਿਸ ਨਾਲ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਦਸਿਆਂ ਨੂੰ ਰੋਕਣ ਲਈ ਸਵੇਰੇ 8 ਤੋਂ ਰਾਤ 8 ਵਜੇ ਤੱਕ ਚੱਲਣ ਵਾਲੇ ਭਾਰੀ ਟਰੱਕਾਂ ਅਤੇ ਕਰੱਸ਼ਰ ਟਰਾਲੀਆਂ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਰੋਹਿਤ ਕੁਮਾਰ, ਜੋ ਲੋੜਵੰਦ ਪਰਿਵਾਰ ਨਾਲ ਸਬੰਧਤ ਹੈ, ਦੇ ਵਾਰਿਸਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ।
ਧਰਨੇ ਦੀ ਸੂਚਨਾ ਮਿਲਦੇ ਸਾਰ ਡੀ ਐੱਸ ਪੀ ਲਖਵਿੰਦਰ ਸਿੰਘ, ਥਾਣਾ ਇੰਚਾਰਜ ਮੋਹਿਤ ਟਾਂਕ ਅਤੇ ਤਹਿਸੀਲਦਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਲਾਸ਼ ਦੇ ਸਸਕਾਰ ਲਈ ਡੀ ਸੀ ਵੱਲੋਂ ਭੇਜਿਆ 10,000 ਰੁਪਏ ਦਾ ਚੈੱਕ ਮ੍ਰਿਤਕ ਦੇ ਪਰਿਵਾਰ ਨੂੰ ਸੌਂਪਿਆ ਅਤੇ ਇਸ ਮਸਲੇ ਦੇ ਹੱਲ ਲਈ ਸੋਮਵਾਰ ਦੁਪਹਿਰ 12 ਵਜੇ ਡੀ ਸੀ ਅਤੇ ਐੱਸ ਐੱਸ ਪੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਜਾ ਕੇ ਜਾਮ ਖੁੱਲ੍ਹਿਆ।
ਭਾਰੀ ਵਾਹਨਾਂ ’ਤੇ ਪਾਬੰਦੀ ਲਾਈ ਜਾਵੇਗੀ: ਥਾਣਾ ਮੁਖੀ
ਥਾਣਾ ਮੁਖੀ ਮੋਹਿਤ ਟਾਂਕ ਨੇ ਦੱਸਿਆ ਕਿ ਸੁਜਾਨਪੁਰ ਵਿੱਚ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਵਿੱਚ ਸ਼ਾਮਲ ਵਾਹਨ ਦਾ ਪਤਾ ਲਗਾਉਣ ਲਈ ਸੀ ਸੀ ਟੀ ਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨਾਲ ਸਲਾਹ-ਮਸ਼ਵਰਾ ਕਰਕੇ ਠੋਸ ਕਾਰਵਾਈ ਕੀਤੀ ਜਾਵੇਗੀ ਅਤੇ ਇਲਾਕੇ ਵਿੱਚੋਂ ਭਾਰੀ ਵਾਹਨਾਂ ਦੇ ਲੰਘਣ ’ਤੇ ਪਾਬੰਦੀ ਲਗਵਾਈ ਜਾਵੇਗੀ।

