ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਕਤੂਬਰ
ਅੰਮ੍ਰਿਤਸਰ ਡਾਇਸਸ ਦੇ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾਰਾਏ ਦੀ ਅਗਵਾਈ ਹੇਠ ਅੱਜ ਕਰੋਨਾ ਬਾਰੇ ਜਾਗਰੂਕ ਕਰਨ ਲਈ ਸਥਾਨਕ ਸੇਂਟ ਪਾਲ ਚਰਚ ਤੋਂ ਇਕ ਮੋਟਰਸਾਇਕਲ ਰੈਲੀ ਕੱਢੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਸੀਹ ਸੰਸਥਾ ਐਸਈਡੀਪੀ ਦੇ ਡਾਇਰੈਕਟਰ ਡੈਨੀਅਲ ਬੀ ਦਾਸ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਵਿਚ 250 ਤੋਂ ਵਧ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ। ਇਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਬਾਰੇ ਜਾਗਰੂਕ ਕਰਨਾ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਬਿਸ਼ਪ ਸਾਮੰਤਾ ਰਾਏ ਨੇ ਕਿਹਾ ਕਿ ਜਦੋਂ ਵੀ ਕਦੇ ਕੋਈ ਕੁਦਰਤੀ ਆਫਤ ਆਈ ਹੈ ਤਾਂ ਚਰਚ ਨੇ ਹਮੇਸ਼ਾ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ।
ਇਸ ਮੌਕੇ ਉਨ੍ਹਾਂ ਮਾਸਕ ਪਹਿਨਣ, ਦੂਰੀ ਬਣਾ ਕੇ ਰੱਖਣ ਅਤੇ ਆਸ ਪਾਸ ਦੀ ਥਾਂ ਨੂੰ ਸੈਨੇਟਾਈਜ਼ ਕਰਨ ਦਾ ਸੰਦੇਸ ਦਿੱਤਾ। ਰੈਲੀ ਵਿਚ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵੱਖ ਹਿੱਸਿਆਂ ਤੋਂ ਆਏ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੋਟਰਸਾਈਕਲ ਰੈਲੀ ਰਿਆਲਟੋ ਚੌਕ, ਕਸਟਮ ਚੌਕ, ਮਾਲ ਰੋਡ, ਨਾਵਲਟੀ ਚੌਕ ਤੋਂ ਹੁੰਦੀ ਹੋਈ ਵਾਪਸ ਸੇਂਟ ਪਾਲ ਚਰਚ ਪੁੱਜ ਕੇ ਸਮਾਪਿਤ ਹੋਈ।