Monsoon Punjab: ਧੁੱਸੀ ਬੰਨ੍ਹ ਨਾ ਬਣਨ ਕਾਰਨ ਗੁੱਜਰ ਪਰਿਵਾਰਾਂ ਦੀ ਹਿਜਰਤ ਸ਼ੁਰੂ
ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਖ਼ੌਫ਼ਜ਼ਦਾ
ਮੌਨਸੂਨ ਦਾ ਸੀਜ਼ਨ ਪਹਿਲੀ ਜੁਲਾਈ ਤੋਂ ਸ਼ੁਰੂ ਹੁੰਦਿਆਂ ਹੀ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਕਥਲੌਰ ਪੁਲ ਨੇੜੇ ਰਾਵੀ ਦਰਿਆ ’ਤੇ ਪਿਛਲੇ ਸਾਲ ਹੜ੍ਹ ਦੌਰਾਨ ਰੁੜ੍ਹ ਚੁੱਕੇ ਧੁੱਸੀ ਬੰਨ੍ਹ ਦਾ ਨਿਰਮਾਣ ਨਾ ਹੋਣ ਕਾਰਨ, ਉੱਥੇ ਕਿਨਾਰੇ ’ਤੇ ਵਸੇ ਕਈ ਗੁੱਜਰ ਪਰਿਵਾਰਾਂ ਨੇ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਿੰਡ ਕੋਹਲੀਆਂ ਅਤੇ ਪੰਮਾ ਦੇ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ 25 ਅਗਸਤ ਨੂੰ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਹੜ੍ਹ ਦਾ ਪਾਣੀ ਉਨ੍ਹਾਂ ਦੇ ਪਿੰਡਾਂ ਅਤੇ ਬਾਜ਼ਾਰਾਂ ਵਿੱਚ ਦਾਖਲ ਹੋ ਗਿਆ ਸੀ। ਉਸ ਸਮੇਂ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੇ ਮਿੱਟੀ ਦੀਆਂ ਬੋਰੀਆਂ ਨਾਲ ਆਰਜ਼ੀ ਬੰਨ੍ਹ ਲਗਾ ਕੇ ਅਗਲੇ ਕਰੀਬ 70 ਪਿੰਡਾਂ ਨੂੰ ਡੁੱਬਣੋਂ ਬਚਾਇਆ ਸੀ। ਉਦੋਂ ਤੋਂ ਹੀ ਰਾਵੀ ਦਰਿਆ ਨੇ ਆਪਣਾ ਰੁਖ਼ ਬਦਲ ਲਿਆ ਹੈ ਅਤੇ ਹੁਣ ਪਾਣੀ ਕੋਹਲੀਆਂ ਅੱਡੇ ਅਤੇ ਪੰਮਾ ਪਿੰਡ ਨੂੰ ਜੋੜਨ ਵਾਲੀ ਸੜਕ ਦੇ ਬਿਲਕੁਲ ਨਾਲ ਖਹਿ ਕੇ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈੱਡਵਰਕਸ ਵੱਲੋਂ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਸਥਾਨਕ ਲੋਕ ਬੇਹੱਦ ਖ਼ੌਫ਼ ਵਿੱਚ ਰਾਤਾਂ ਕੱਟ ਰਹੇ ਹਨ। ਪੀੜਤ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਰੁੜ੍ਹੀਆਂ ਜ਼ਮੀਨਾਂ ਦਾ ਮੁਆਵਜ਼ਾ ਵੀ ਹਾਲੇ ਤੱਕ ਨਹੀਂ ਦਿੱਤਾ ਗਿਆ ਅਤੇ ਹੁਣ ਦੁਬਾਰਾ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਸਥਿਤੀ ਦਾ ਜਾਇਜ਼ਾ ਲੈਣ ਦੌਰਾਨ ਦੇਖਿਆ ਗਿਆ ਕਿ ਗੁੱਜਰ ਪਰਿਵਾਰ ਰੇੜ੍ਹਿਆਂ ਉੱਤੇ ਆਪਣਾ ਸਾਰਾ ਘਰੇਲੂ ਸਾਮਾਨ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਗੁੱਜਰ ਪਰਿਵਾਰ ਦੇ ਮੁਖੀ ਸਰਾਜਦੀਨ ਨੇ ਦੱਸਿਆ ਕਿ ਪਿਛਲੇ ਸਾਲ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਉਹ ਮੌਨਸੂਨ ਦੇ ਚਾਰ ਮਹੀਨੇ ਰਾਜਪੁਰਾ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਬਿਤਾਉਣਗੇ ਅਤੇ ਪਾਣੀ ਘਟਣ ’ਤੇ ਹੀ ਵਾਪਸ ਪਰਤਣਗੇ। ਉਨ੍ਹਾਂ ਦੱਸਿਆ ਕਿ ਕਈ ਹੋਰ ਪਰਿਵਾਰ ਵੀ ਪਹਿਲਾਂ ਹੀ ਹਿਜਰਤ ਕਰ ਚੁੱਕੇ ਹਨ।
ਦੂਜੇ ਪਾਸੇ, ਡਰੇਨੇਜ ਵਿਭਾਗ ਦੇ ਐੱਸ ਡੀ ਓ ਪੰਕਜ ਬਾਲੀ ਨੇ ਕਿਹਾ ਕਿ ਵਿਭਾਗ ਵੱਲੋਂ ਖਾਲੀ ਬੋਰੀਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਇਨ੍ਹਾਂ ਵਿੱਚ ਮਿੱਟੀ ਭਰਨ ਦਾ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ਪ੍ਰਾਪਤ ਜਾਣਕਾਰੀ ਅਨੁਸਾਰ ਫਿਲਹਾਲ ਅੱਜ ਰਾਵੀ ਦਰਿਆ ਵਿੱਚ ਵਾਧੂ ਪਾਣੀ ਨਹੀਂ ਛੱਡਿਆ ਗਿਆ।
