ਪੱਤਰ ਪ੍ਰੇਰਕ
ਅਟਾਰੀ, 12 ਸਤੰਬਰ
ਇੱਥੇ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਖੁੱਲ੍ਹਵਾਉਣ ਲਈ 18 ਸਤੰਬਰ ਨੂੰ ਅਟਾਰੀ ਸਰਹੱਦ ’ਤੇ ਕੀਤੀ ਜਾ ਰਹੀ ਇਤਿਹਾਸਕ ਰੈਲੀ ਲਈ ਅਟਾਰੀ ਕਸਬੇ ਦੇ ਆਲੇ-ਦੁਆਲੇ ਦੇ ਪਿੰਡਾਂ ਡੱਲੇਕੇ, ਮੋਦੇ, ਧਨੋਏਂ, ਮੁਹਾਵਾ, ਪੱਕਾ ਪਿੰਡ ਵਿੱਚ ਲਾਮਬੰਦੀ ਕਰਦਿਆਂ ਅਟਾਰੀ ਹਲਕੇ ਦੇ ਪਿੰਡ ਰਣੀਕੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੁਲਵਾਮਾ ਹਮਲੇ ਤੋਂ ਬਆਦ ਪਾਕਿਸਤਾਨ ਨਾਲ ਸੜਕੀ ਰਸਤੇ ਰਾਹੀਂ ਵਪਾਰ ਬੰਦ ਕੀਤਾ ਹੋਇਆ ਹੈ ਪਰ ਇਹ ਵਪਾਰ ਅਡਾਨੀ ਦੀ ਮੁਦਰਾ ਬੰਦਰਗਾਹ ਤੋਂ ਲਗਾਤਾਰ ਚਲ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਡਾਨੀ ਦੀ ਬੰਦਰਗਾਹ ਤੋ ਹਜ਼ਾਰਾਂ ਕਰੋੜ ਦੀ ਹੈਰੋਇਨ ਫੜੀ ਜਾਣ ਦੇ ਬਾਵਜੂਦ ਵੀ ਵਪਾਰ ਬੰਦ ਨਹੀਂ ਕੀਤਾ ਪਰ ਪੰਜਾਬ ਰਸਤੇ ਹੋਣ ਵਾਲੇ ਵਪਾਰ ਨੂੰ ਅਤਿਵਾਦ ਅਤੇ ਨਸ਼ੇ ਦੇ ਬਹਾਨੇ ਬੰਦ ਕਰਨਾ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਦਾ ਨਤੀਜਾ ਹੈ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): 18 ਸਤੰਬਰ ਨੂੰ ਵਾਹਗਾ ਬਾਰਡਰ ’ਤੇ ਕੀਤੀ ਜਾਣ ਵਾਲੀ ਰੈਲੀ ਲਈ ਕਸਬਾ ਟਾਂਗਰਾ ਦੇ ਪਿੰਡਾਂ ਥੋਥੀਆਂ ਅਤੇ ਭੈਣੀ ਬਦੇਸ਼ਾ ਵਿੱਚ ਲਾਮਬੰਦੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਛੱਜਲਵੱਡੀ ਅਤੇ ਪ੍ਰਕਾਸ਼ ਸਿੰਘ ਥੋਥੀਆਂ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ।