ਦਲਬੀਰ ਸੱਖੋਵਾਲੀਆ
ਬਟਾਲਾ, 3 ਅਗਸਤ
ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਅੱਜ ਬਟਾਲਾ ਦੇ ਹਾਥੀ ਗੇਟ ਇਲਾਕੇ ਵਿੱਚ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਊਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਜਿਹੜੇ ਵੀ ਵਿਅਕਤੀ ਇਸ ਘਟਨਾ ਲਈ ਜ਼ਿੰਮੇਵਾਰ ਹਨ ਉਹ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਸਿਟੀ ਕਾਂਗਰਸ ਦੇ ਪ੍ਰਧਾਨ ਸਵਰਨ ਮੁੱਢ ਸਣੇ ਹੋਰ ਆਗੂ ਵੀ ਮੌਜੂਦ ਸਨ। ਸ੍ਰੀ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਣਗਿਹਲੀ ਵਰਤਣ ਵਾਲੇ ਪੁਲੀਸ ਅਫ਼ਸਰਾਂ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਐਕਸਗ੍ਰੇਸ਼ੀਆ ਗ੍ਰਾਂਟ ਤਹਿਤ ਦੋ-ਦੋ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਹੈ। ਊਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਪਰਿਵਾਰਾਂ ਦੇ ਨਾਲ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਅਤੇ ਸਰਕਾਰ ਨੇ ਬੜੀ ਸਖ਼ਤੀ ਨਾਲ ਚਿੱਟੇ ਅਤੇ ਹੈਰੋਇਨ ਵਰਗੇ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਤਾ ਲੱਗਿਆ ਹੈ ਕਿ ਕੁਝ ਸਮਾਜ ਵਿਰੋਧੀ ਅਨਸਰ ਦੂਜੇ ਨਸ਼ਿਆਂ ਨੂੰ ਛੱਡ ਕੇ ਗ਼ੈਰ-ਕਾਨੂੰਨੀ ਸ਼ਰਾਬ ਦੇ ਧੰਦੇ ਵਿੱਚ ਪੈ ਗਏ ਹਨ ਤੇ ਸਰਕਾਰ ਵੱਲੋਂ ਹੁਣ ਇਨ੍ਹਾਂ ’ਤੇ ਵੀ ਨਕੇਲ ਕੱਸੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਾਜਾਇਜ਼ ਵਿਕਦੀ ਸ਼ਰਾਬ ਨਾ ਪੀਣ ਦੀ ਅਪੀਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਾਜਾਇਜ਼ ਵਿਕਦੀ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਇਸ ਦੇ ਜ਼ਹਿਰੀਲੀ ਹੋਣ ਦਾ ਖ਼ਦਸ਼ਾ ਹੈ। ਨਵੇਂ ਆਏ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਆਖਿਆ ਕਿ ਸ਼ਰਾਬ ਮਾਫੀਆ ਵੱਲੋਂ ਸਪਲਾਈ ਕੀਤੀ ਜਾਂਦੀ ਸ਼ਰਾਬ ਨਾ ਖਰੀਦੀ ਜਾਵੇ ਅਤੇ ਜੇਕਰ ਕਿਸੇ ਨੇ ਅਜਿਹੀ ਸ਼ਰਾਬ ਖ਼ਰੀਦ ਕੇ ਰੱਖੀ ਹੋਈ ਹੈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇ। ਅਜਿਹੀ ਸ਼ਰਾਬ ਦੀ ਕੋਈ ਡਿਗਰੀ ਤੈਅ ਨਹੀਂ ਹੈ ਅਤੇ ਸ਼ਰੀਰਕ ਤੌਰ ਉੱਤੇ ਇਹ ਵੱਡਾ ਨੁਕਸਾਨ ਕਰ ਸਕਦੀ ਹੈ। ਕਿਸੇ ਵੀ ਹਾਲਤ ਵਿਚ ਅਜਿਹੀ ਨਾਜਾਇਜ਼ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਚੱਲ ਰਹੀਆਂ ਭਲਾਈ ਸਕੀਮਾਂ ਦਾ ਲਾਭ ਦੇਣ। ਅਜਿਹੇ ਪਰਿਵਾਰਾਂ ਦੀ ਆਰਥਿਕ ਹਾਲਤ ਮੰਦੀ ਹੈ ਅਤੇ ਲੋੜ ਅਨੁਸਾਰ ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਦੋ-ਦੋ ਲਖ ਰੁਪਏ ਦੀ ਰਾਹਤ ਵੀ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਤੱਕ ਜਲਦੀ ਪੁੱਜਦੀ ਕੀਤੀ ਜਾਵੇਗੀ।