ਹਰੀਕੇ ਪੱਤਣ ਰੱਖ ਤੋਂ ਲੰਮੀਆਂ ਉਡਾਰੀਆਂ ਭਰਨ ਲੱਗੇ ਪਰਵਾਸੀ ਪੰਛੀ

ਸੀਜ਼ਨ ਦੌਰਾਨ ਪਹੁੰਚੇ 74 ਹਜ਼ਾਰ ਪਰਵਾਸੀ ਪੰਛੀ; ਇਕ ਲੱਖ ਪੱਛੀਆਂ ਦੀ ਕੀਤੀ ਜਾ ਰਹੀ ਸੀ ਆਸ

ਹਰੀਕੇ ਪੱਤਣ ਰੱਖ ਤੋਂ ਲੰਮੀਆਂ ਉਡਾਰੀਆਂ ਭਰਨ ਲੱਗੇ ਪਰਵਾਸੀ ਪੰਛੀ

ਹਰੀਕੇ ਪੱਤਣ ਪੰਛੀ ਰੱਖ ਵਿੱਚ ਦਿਖਾਈ ਦੇ ਰਹੇ ਪਰਵਾਸੀ ਪੰਛੀ।

ਤਜਿੰਦਰ ਸਿੰਘ ਖਾਲਸਾ

ਚੋਹਲਾ ਸਾਹਿਬ, 22 ਫਰਵਰੀ

ਅੰਤਰਰਾਸ਼ਟਰੀ ਬਰਡ ਸੈਂਕਚੁਰੀ ਹਰੀਕੇ ਪੱਤਣ ਤੋਂ ਸਰਦੀ ਦੇ ਮੌਸਮ ਦਾ ਆਨੰਦ ਮਾਨਣ ਤੋਂ ਬਾਅਦ ਹੁਣ ਪਰਵਾਸੀ ਪੰਛੀ ਆਪਣੇ ਘਰਾਂ ਨੂੰ ਵਾਪਸੀ ਦਾ ਰੁਖ਼ ਕਰ ਰਹੇ ਹਨ ਜਿਸ ਕਾਰਨ ਪਰਵਾਸੀ ਪੰਛੀ ਇੱਕ ਹਫਤੇ ਬਾਅਦ ਇੱਥੇ ਨਹੀਂ ਵੇਖੇ ਜਾ ਸਕਣਗੇ। ਪਰਵਾਸੀ ਪੰਛੀਆਂ ਦੀ ਆਮਦ ਜ਼ਿਲ੍ਹਾ ਕਪੂਰਥਲਾ ਅਤੇ ਫਿਰੋਜ਼ਪੁਰ ਅਧਾਰਤ ਹਰੀਕੇ ਪੱਤਣ ਬਰਡ ਸੈਂਚੁਰੀ ਵਿੱਚ ਨਵੰਬਰ ਦੇ ਮਹੀਨੇ ਤੋਂ ਸ਼ੁਰੂ ਹੋਈ ਸੀ ਜੋ ਕਿ ਲਗਾਤਾਰ ਸਾਢੇ ਤਿੰਨ ਮਹੀਨਿਆਂ ਤਕ ਜਾਰੀ ਰਹੀ। ਇਸ ਸੀਜ਼ਨ ਦੌਰਾਨ ਬਰਡ ਸੈਂਚੁਰੀ ਵਿੱਚ 74 ਹਜ਼ਾਰ 869 ਪਰਵਾਸੀ ਪੰਛੀ ਰਿਕਾਰਡ ਕੀਤੇ ਗਏ ਹਨ। ਜਿਵੇਂ ਕਿ ਉਮੀਦ ਕੀਤੀ ਗਈ ਸੀ, ਇਨ੍ਹਾਂ ਪੰਛੀਆਂ ਦੀ ਗਿਣਤੀ ਇਸ ਵਾਰ ਇਕ ਲੱਖ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੀ।ਪਰ ਪੰਛੀਆਂ ਦੀਆਂ ਸੈਂਕੜੇ ਨਵੀਂਆਂ ਕਿਸਮਾਂ ਦੀ ਆਮਦ ਪਹਿਲੀ ਵਾਰ ਹੋਈ ਹੈ।

ਵਰਲਡ ਵਾਈਡ ਫੀਲਡ ਆਪ੍ਰੇਸ਼ਨ (ਡਬਲਯੂਡਬਲਯੂਐਫਓ) ਦੇ ਪ੍ਰਾਜੈਕਟ ਅਧਿਕਾਰੀ ਗੀਤਾਂਜਲੀ ਕੰਵਰ ਦਾ ਕਹਿਣਾ ਹੈ ਕਿ ਬਰਡ ਸੈਚੁਰੀ ਵਿੱਚ ਪਰਵਾਸੀ ਪੰਛੀਆਂ ਨੂੰ ਵੇਖਣ ਲਈ ਜਨਵਰੀ ਮਹੀਨੇ ਵਿੱਚ ਦੋ ਹਜ਼ਾਰ ਤੋਂ ਵੱਧ ਸੈਲਾਨੀ ਆਏ ਹਨ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ, ਜਦੋਂ ਕਿ 15 ਫਰਵਰੀ ਤਕ 970 ਯਾਤਰੀ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਥਾਂ ਦੇ ਸੁੰਦਰੀਕਰਨ ਲਈ 50 ਲੱਖ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਗੀਤਾਂਜਲੀ ਕੰਵਰ ਦਾ ਕਹਿਣਾ ਹੈ ਕਿ ਪਰਵਾਸੀ ਪੰਛੀਆਂ ਦੇ ਚਲੇ ਜਾਣ ਤੋਂ ਬਾਅਦ ਬਰਡ ਸੈਂਕਚੁਰੀ ਵਿਚ 25 ਪੈਡਲ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ ਤੇ ਸੈਲਾਨੀਆਂ ਦੀ ਸਹੂਲਤ ਲਈ ਦੋ ਈ-ਰਿਕਸ਼ਾ ਵੀ ਸ਼ੁਰੂ ਕੀਤੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All