ਪੀ ਆਈ ਬੀ ਵੱਲੋਂ ਮੀਡੀਆ ਵਰਕਸ਼ਾਪ
ਪੱਤਰ ਸੂਚਨਾ ਦਫ਼ਤਰ (ਪੀ ਆਈ ਬੀ) ਚੰਡੀਗੜ੍ਹ ਦੀ ਜਲੰਧਰ ਸ਼ਾਖ਼ਾ ਵੱਲੋਂ ‘ਵਾਰਤਾਲਾਪ’ ਮੀਡੀਆ ਵਰਕਸ਼ਾਪ ਦਾ ਪ੍ਰਬੰਧ ਅੰਮ੍ਰਿਤਸਰ ਵਿਖੇ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਪੱਤਰਕਾਰ ਸ਼ਾਮਲ ਹੋਏ। ਇਸ ਮੀਡੀਆ ਵਰਕਸ਼ਾਪ ਵਿੱਚ ‘ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਲੋਕ-ਭਲਾਈ ਵਿੱਚ ਭੂਮਿਕਾ’ ਵਿਸ਼ੇ...
ਪੱਤਰ ਸੂਚਨਾ ਦਫ਼ਤਰ (ਪੀ ਆਈ ਬੀ) ਚੰਡੀਗੜ੍ਹ ਦੀ ਜਲੰਧਰ ਸ਼ਾਖ਼ਾ ਵੱਲੋਂ ‘ਵਾਰਤਾਲਾਪ’ ਮੀਡੀਆ ਵਰਕਸ਼ਾਪ ਦਾ ਪ੍ਰਬੰਧ ਅੰਮ੍ਰਿਤਸਰ ਵਿਖੇ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਪੱਤਰਕਾਰ ਸ਼ਾਮਲ ਹੋਏ। ਇਸ ਮੀਡੀਆ ਵਰਕਸ਼ਾਪ ਵਿੱਚ ‘ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਲੋਕ-ਭਲਾਈ ਵਿੱਚ ਭੂਮਿਕਾ’ ਵਿਸ਼ੇ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਚਰਚਾ ਕੀਤੀ ਗਈ। ਵਰਕਸ਼ਾਪ ਦੌਰਾਨ ‘ਅੰਮ੍ਰਿਤਸਰ ਵਿੱਚ ਨੈਸ਼ਨਲ ਹਾਈਵੇਅ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ਼ ਇੰਡੀਆ ਦੀ ਭੂਮਿਕਾ’ ਵਿਸ਼ੇ ’ਤੇ ਚਰਚਾ ਕਰਦੇ ਹੋਏ ਜਸਪ੍ਰੀਤ, ਮੈਨੇਜਰ ਟੈਕਨਾਲੋਜੀ (ਐੱਨ ਐੱਚ ਏ ਆਈ) ਨੇ ਦੱਸਿਆ ਕਿ ਐੱਨ ਐੱਚ ਏ ਆਈ ਦੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਕਰੀਬ 595 ਕਿੱਲੋਮੀਟਰ ਦੇ ਕਰੀਬ 5668 ਕਰੋੜ ਦੀ ਲਾਗਤ ਦੇ 12 ਪ੍ਰੋਜੈਕਟ ਚੱਲ ਰਹੇ ਹਨ ਅਤੇ 9 ਪ੍ਰੋਜੈਕਟਸ ਦਾ ਕਾਰਜ ਮੁਕੰਮਲ ਹੋ ਚੁੱਕਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅੰਮ੍ਰਿਤਸਰ ਤੋਂ ਅਮਰਦੀਪ ਸਿੰਘ, ਜ਼ਿਲ੍ਹਾ ਮਾਸ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਨੈਸ਼ਨਲ ਹੈਲਥ ਮਿਸ਼ਨ ਦੀਆਂ ਯੋਜਨਾਵਾਂ ਦੀ ਲੋਕ-ਭਲਾਈ ਵਿੱਚ ਭੂਮਿਕਾ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 178 ਹੈਲਥ ਐਂਡ ਵੈੱਲਫੇਅਰ ਕਲੀਨਿਕ ਹਨ, ਜੋ ਪਿੰਡਾਂ ਵਿੱਚ ਸਰਕਾਰ ਦੀਆਂ ਵੱਖ-ਵੱਖ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਹਨ। ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ (ਸੇਵਾਮੁਕਤ) ਨੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਵਿਸ਼ੇ ’ਤੇ ਚਰਚਾ ਕੀਤੀ।

