ਪੱਤਰ ਪ੍ਰੇਰਕ
ਤਰਨ ਤਾਰਨ, 15 ਨਵੰਬਰ
ਕੋਵਿਡ-19 ਕਾਰਨ ਬੀਤੇ ਨੌਂ ਮਹੀਨਿਆਂ ਮਗਰੋਂ ਅੱਜ ਇਥੋਂ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਸੰਗਤ ਨੇ ਭਾਰੀ ਗਿਣਤੀ ਵਿੱਚ ਆ ਕੇ ਮੱਸਿਆ ਮੌਕੇ ਖੁੱਲ੍ਹੇ ਦਰਸ਼ਨ-ਇਸ਼ਨਾਨ ਕੀਤੇ| ਦੂਰ ਦੁਰੇਡੇ ਤੋਂ ਆਈ ਸੰਗਤ ਨੇ ਇਸ ਮੌਕੇ ਸਮਾਜਿਕ ਦੂਰੀ ਨੂੰ ਭੁੱਲਦਿਆਂ ਦਰਬਾਰ ਸਾਹਿਬ ਹਾਜ਼ਰੀਆਂ ਭਰੀਆਂ| ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੀ ਰਾਤ ਕੁਝ ਸੰਗਤ ਨੇ ਦਰਬਾਰ ਸਾਹਿਬ ਦੀ ਸਰਾਂ ਵਿੱਚ ਕਮਰੇ ਬੁੱਕ ਕਰਵਾ ਰਾਤ ਗੁਜ਼ਾਰੀ ਹੈ। ਜਾਣਕਾਰੀ ਮੁਤਾਬਿਕ ਸੰਗਤਾਂ ਅੱਜ ਸਵੇਰ ਤੋਂ ਹੀ ਦਰਬਾਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰਨ ਲਈ ਆਉਣੀਆਂ ਸ਼ੁਰੂ ਹੋ ਗਈਆਂ ਸਨ ਤੇ ਉਨ੍ਹਾਂ ਨੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਬਾਣੀ ਦੇ ਕੀਰਤਨ ਸਰਵਣ ਕੀਤੇ|
ਇਸ ਤੋਂ ਇਲਾਵਾ ਬੀਤੀ ਰਾਤ ਲੋਕਾਂ ਨੇ ਘਰਾਂ ਅੰਦਰ ਦੀਵਾਲੀ ਮੌਕੇ ਖੂਬ ਆਤਿਸ਼ਬਾਜ਼ੀ ਚਲਾਈ ਅਤੇ ਦੀਪਮਾਲਾ ਕੀਤੀ| ਉਧਰ ਖਰੀਦਦਾਰੀ ਕਰਦਿਆਂ ਪ੍ਰਸ਼ਾਸਨ ਨੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੀ ਹੋ ਰਹੀ ਉਲੰਘਣਾ ਨੂੰ ਰੋਕਣ ਲਈ ਚੁੱਪ ਰਹਿਣਾ ਹੀ ਠੀਕ ਸਮਝਿਆ| ਇਸੇ ਤਰ੍ਹਾਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿੱਚ ਵੀ ਅੱਜ ਸੰਗਰਾਂਦ ਦੇ ਪਾਵਨ ਦਿਹਾੜੇ ਤੇ ਸੰਗਤਾਂ ਦਾ ਹੜ੍ਹ ਦੇਖਣ ਨੂੰ ਮਿਲਿਆ|