ਪੱਤਰ ਪ੍ਰੇਰਕ
ਤਰਨ ਤਾਰਨ, 23 ਸਤੰਬਰ
ਵਲਟੋਹਾ ਇਲਾਕੇ ਦੇ ਪਿੰਡ ਵਾੜਾ ਤੇਲੀਆਂ ਦੀ ਵਿਆਹੁਤਾ ਨੇ ਆਪਣੇ ਸ਼ਰੀਕੇ ਭਾਈਚਾਰੇ ਵਿੱਚੋਂ ਜੇਠ ਲੱਗਦੇ ਵਿਅਕਤੀ ’ਤੇ ਉਸ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲਗਾਇਆ ਹੈ| 20 ਕੁ ਸਾਲ ਦੀ ਪੀੜਤ ਦੇ ਬਿਆਨ ਸਬ-ਇੰਸਪੈਕਟਰ ਬਲਵਿੰਦਰ ਕੌਰ ਨੇ ਦਰਜ ਕੀਤੇ| ਉਨ੍ਹਾਂ ਦੱੱਸਿਆ ਕਿ ਮੁਲਜ਼ਮ ਦੀ ਸ਼ਨਾਖ਼ਤ ਸਤਨਾਮ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਪੀੜਤ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਰੀਬ ਇਕ ਹਫ਼ਤਾ ਪਹਿਲਾਂ ਦੁਪਹਿਰ ਵੇਲੇ ਘਰ ਵਿੱਚ ਇਕੱਲੀ ਬੈਠੀ ਸੀ ਤਾਂ ਮੁਲਜ਼ਮ ਉਸ ਦੇ ਘਰ ਆ ਗਿਆ ਅਤੇ ਉਸ ਨਾਲ ਧੱਕੇਸ਼ਾਹੀ ਕੀਤੀ| ਉਸ ਨੇ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਦੇਣ ’ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ| ਪੁਲੀਸ ਨੇ ਇਸ ਸਬੰਧੀ ਦਫ਼ਾ 376, 506 ਤੇ 452 ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ|