ਕਟਾਰੂਚੱਕ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ
ਐਨਪੀ. ਧਵਨ
ਪਠਾਨਕੋਟ, 19 ਜੂਨ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਡੇਰਾ ਬਾਬਾ ਬਸੰਤਪੁਰੀ ਵਿਖੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੰਡੀ ਬੋਰਡ ਦੇ ਐੱਸਡੀਓ ਰਾਕੇਸ਼ ਕੁਮਾਰ, ਕੁਲਦੀਪ ਪਟਵਾ, ਸੰਦੀਪ ਕੁਮਾਰ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਸਰਪੰਚ ਅਸ਼ੋਕ ਕੁਮਾਰ, ਕੁਲਜੀਤ ਸਿੰਘ, ਨਿਰਮਲਾ ਦੇਵੀ, ਅਨੀਤਾ, ਪਿੰਕੀ, ਰੁਲਦੂ ਰਾਮ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤਰ ਅੰਦਰ ਇਸ ਕਮਿਊਨਿਟੀ ਹਾਲ ਦੇ ਨਿਰਮਾਣ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਇਸ ਦਾ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ। ਕਰੀਬ 12 ਲੱਖ ਰੁਪਏ ਇਸ ਕਮਿਊਨਿਟੀ ਹਾਲ ਦੇ ਨਿਰਮਾਣ ’ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਿਰਮਾਣ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਬਾਅਦ ਵਿੱਚ ਉਨ੍ਹਾਂ ਪਿੰਡ ਡੇਰਾ ਬਾਬਾ ਬਸੰਤਪੁਰੀ ਵਿਖੇ ਬਣਾਏ ਜਾ ਰਹੇ ਖੇਡ ਸਟੇਡੀਅਮ ਦਾ ਵੀ ਨਿਰੀਖਣ ਕੀਤਾ। ਇਸ ਦੇ ਇਲਾਵਾ ਮੰਤਰੀ ਨੇ ਵਿਧਾਨ ਸਭਾ ਹਲਕਾ ਭੋਆ ਦੀ ਏਪੀਕੇ ਰੋਡ ਤੋਂ ਡੱਲਾ ਬਲੀਮ, ਫੇਰੂਵਾਲ, ਅਲੀਖਾਂ ਤੋਂ ਤੰਗੋਸ਼ਾਹ ਰੋਡ ਦਾ ਨਵਨਿਰਮਾਣ ਕਾਰਜ ਵੀ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਰੋਡ ਤੇ 2.3 ਕਰੋੜ ਰੁਪਏ ਖਰਚ ਆਉਣਗੇ ਅਤੇ 6.45 ਕਿਲੋਮੀਟਰ ਲੰਬੀ ਸੜਕ ਦਾ ਨਵਨਿਰਮਾਣ ਕੀਤਾ ਜਾਵੇਗਾ।