ਕਾਮਨਵੈਲਥ ਖੇਡਾਂ ਲਈ ਕਰਨਜੀਤ ਸਿੰਘ ਮਾਨ ਦੀ ਚੋਣ
ਜੁਲਾਈ ’ਚ ਗਲਾਸਗੋ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚ ਇੱਥੋਂ ਦੇ ਸ਼ਹੀਦ ਭਗਤ ਸਿੰਘ ਜੂਡੋ ਟਰੇਨਿੰਗ ਸੈਂਟਰ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਦੀ ਚੋਣ ਹੋਈ ਹੈ। ਬੀਤੇ ਦਿਨੀਂ ਜੂਡੋ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਚੋਣ ਟਰਾਈਲ...
ਜੁਲਾਈ ’ਚ ਗਲਾਸਗੋ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚ ਇੱਥੋਂ ਦੇ ਸ਼ਹੀਦ ਭਗਤ ਸਿੰਘ ਜੂਡੋ ਟਰੇਨਿੰਗ ਸੈਂਟਰ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਦੀ ਚੋਣ ਹੋਈ ਹੈ। ਬੀਤੇ ਦਿਨੀਂ ਜੂਡੋ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਚੋਣ ਟਰਾਈਲ ਵਿੱਚ 90 ਕਿੱਲੋ ਭਾਰ ਵਰਗ ਵਿੱਚ ਸਿਰਮੌਰ ਅੱਠ ਖਿਡਾਰੀਆਂ ਨੂੰ ਸਖ਼ਤ ਚੋਣ ਪ੍ਰਕਿਰਿਆ ’ਚੋਂ ਗੁਜ਼ਰਨਾ ਪਿਆ। ਇਸ ਤੋਂ ਬਾਅਦ ਕਰਨਜੀਤ ਸਿੰਘ ਮਾਨ ਨੂੰ ਸਫਲ ਖਿਡਾਰੀ ਐਲਾਨਿਆ ਗਿਆ। ਫੈਡਰੇਸ਼ਨ ਵੱਲੋਂ ਜੂਡੋ ਵਿੱਚ ਕੁੱਲ 4 ਖਿਡਾਰੀਆਂ ਦੀ ਐਂਟਰੀ ਭੇਜਣ ਦੀ ਸੰਭਾਵਨਾ ਹੈ। ਸ਼ਹੀਦ ਭਗਤ ਸਿੰਘ ਜੂਡੋ ਟਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਪੰਜਾਬ ਦਾ ਇੱਕੋ ਇਕ ਖਿਡਾਰੀ ਹੈ ਜੋ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਦੇ ਯੋਗ ਹੋਇਆ ਹੈ। ਕਰਨਜੀਤ ਸਿੰਘ ਮਾਨ ਨੇ ਇਹ ਰੁਤਬਾ 7 ਸਖ਼ਤ ਮੁਕਾਬਲਿਆਂ ਨੂੰ ਜਿੱਤਣ ਤੋਂ ਬਾਅਦ ਪ੍ਰਾਪਤ ਕੀਤਾ ਹੈ। ਕਰਨਜੀਤ ਸਿੰਘ ਮਾਨ ਨੇ ਪਹਿਲਾਂ ਵੀ ਵਿਸ਼ਵ ਪੁਲੀਸ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ’ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਜੀਤ ਸਿੰਘ ਬਾਜਵਾ, ਜਰਨਲ ਸਕੱਤਰ ਸੁਰਿੰਦਰ ਕੁਮਾਰ , ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ ਦੇ ਸਤੀਸ਼ ਕੁਮਾਰ ਆਦਿ ਨੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।

