ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਹੇਠ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਥੇ ਨੇ ਦੂਜੇ ਦਿਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕੀਤੀ ਹੈ। ਜਥੇਬੰਦੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਿਰੋਧੀ ਧਿਰ ਦੇ ਐਗਜ਼ੈਕਟਿਵ ਮੈਂਬਰ ਮਿੱਠੂ ਸਿੰਘ ਕਾਹਨੇ ਕੇ ਖ਼ਿਲਾਫ਼ ਮੀਟਿੰਗ ਵਿੱਚ ਭਾਗ ਲੈਣ ’ਤੇ ਲਾਈ ਰੋਕ ਸਿਆਸੀ ਫ਼ੈਸਲਾ ਹੈ, ਜੋ ਸ਼੍ਰੋਮਣੀ ਕਮੇਟੀ ਨੂੰ ਤਿੱਖੇ ਸਵਾਲਾਂ ਤੋਂ ਬਚਾਉਣ ਲਈ ਕੀਤਾ ਗਿਆ ਹੈ।
ਅੱਜ ਦੀ ਮੀਟਿੰਗ ਵਿੱਚ ਕਾਹਨੇਕੇ ਨੇ ਸਵਾਲ ਚੁੱਕਣਾ ਸੀ ਕਿ ਬਹਿਰੀਨ ਵਾਲੀ ਬੀਬੀ ਨੂੰ ਐਗਜ਼ੈਕਟਿਵ ਦੀ ਮਨਜ਼ੂਰੀ ਤੋਂ ਬਿਨਾਂ ਇਕ ਲੱਖ ਰੁਪਏ ਦੀ ਮਦਦ ਕਿਸ ਖਾਤੇ ’ਚੋਂ ਦਿੱਤੀ ਗਈ ਪਰ ਮੀਟਿੰਗ ਤੋਂ ਠੀਕ ਪਹਿਲਾਂ ਆਏ ਇਸ ਫ਼ੈਸਲੇ ਨੇ ਸਾਬਤ ਕੀਤਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਨਿਰਪੱਖ ਰਹਿਣ ਦੀ ਬਜਾਏ ਬਾਦਲ ਧੜੇ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।
ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਨ ਮਗਰੋਂ ਗੱਲਬਾਤ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਥੇਦਾਰ ਗੜਗੱਜ ਅਤੇ ਸੁਖਬੀਰ ਸਿੰਘ ਬਾਦਲ ਆਪਣੇ ਦੋਸ਼ ਮੰਨਦਿਆਂ ਪਸ਼ਚਾਤਾਪ ਕਰਨ ਅਤੇ ਅਸਤੀਫ਼ਾ ਦੇਣ। ਇਸ ਮੌਕੇ ਸਰਵਣ ਸਿੰਘ ਫਿਲੌਰ, ਯੁਵਰਾਜ ਭੁਪਿੰਦਰ ਸਿੰਘ, ਅਮਰਜੀਤ ਸਿੰਘ ਕਿਸ਼ਨਪੁਰਾ, ਅਵਤਾਰ ਸਿੰਘ ਕਲੇਰ, ਐੱਮ ਪੀ ਸਿੰਘ ਬਨਾਕਾ, ਜਰਨੈਲ ਸਿੰਘ ਗੜ੍ਹਦੀਵਾਲ, ਸਤਵਿੰਦਰ ਸਿੰਘ ਖ਼ਾਲਸਾ, ਦਿਲਬਾਗ ਸਿੰਘ ਬਿੱਲਾ ਨਵਾਬ ਅਤੇ ਜਸਵਿੰਦਰ ਸਿੰਘ ਜੱਸਾ ਹਾਜ਼ਰ ਸਨ।

