
ਜੰਮੂ-ਕਟੜਾ ਸੜਕ: ਕਸੂਰ ਨਾਲੇ ’ਤੇ ਪੁਰਾਣਾ ਪੁਲ ਢਾਹੁਣ ਦਾ ਵਿਰੋਧ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 6 ਦਸੰਬਰ
ਕੁੱਲ ਹਿੰਦ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਉਸਾਰੀ ਜਾ ਰਹੀ ਜੰਮੂ-ਕੱਟੜਾ ਸੜਕ ਦੇ ਕਥਿਤ ਗਲਤ ਡਿਜ਼ਾਈਨ ਖ਼ਿਲਾਫ਼ ਅੱਜ ਇਲਾਕੇ ਦੇ 20 ਪਿੰਡਾਂ ਦਾ ਇਕੱਠ ਕਸੂਰ ਨਾਲੇ ’ਤੇ ਪਿੰਡ ਕਿਲਾ ਜੀਵਨ ਸਿੰਘ ਅਤੇ ਮਿਉਕਾ ਪਿੰਡਾਂ ਕੋਲ ਬਣ ਰਹੇ ਹਾਈਵੇਅ ਵਾਲੀ ਥਾਂ ’ਤੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਲਖਬੀਰ ਸਿੰਘ ਨਿਜਾਮਪੁਰ ਨੇ ਦੱਸਿਆ ਇਸ ਜਗ੍ਹਾ ਪਹਿਲਾਂ ਇਕ ਪੁਲ ਕਸੂਰ ਨਾਲੇ ਉੱਪਰ ਬਣਿਆ ਹੋਇਆ ਹੈ ਜਿਸ ਰਾਹੀਂ ਉਪਰੋਕਤ ਦੋਵਾਂ ਪਿੰਡਾਂ ਦੇ ਕਿਸਾਨ ਲੰਘ ਕੇ ਆਪਣੀ ਸੈਂਕੜੇ ਏਕੜ ਜ਼ਮੀਨ ਦੀ ਕਾਸ਼ਤ ਕਰਦੇ ਹਨ। ਇਲਾਕੇ ਦੇ ਲੋਕਾਂ ਦੀ ਆਵਾਜਾਈ ਵੀ ਇਸ ਪੁਲ ਰਾਹੀਂ ਹੁੰਦੀ ਹੈ। ਹੁਣ ਜਦੋਂ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਇਸ ਜਗ੍ਹਾ ਨਵਾਂ ਪੁਲ ਬਣਾਉਣ ਤੋਂ ਬਿਨਾਂ ਹੀ ਪਹਿਲੇ ਬਣੇ ਪੁਲ ਨੂੰ ਢਾਹੁਣ ਲਈ ਮਸ਼ੀਨੀਰੀ ਲਾਉਣ ਦੀ ਕੋਸਿਸ਼ ਕੀਤੀ ਤਾਂ ਇਲਾਕੇ ਦੇ ਲੋਕਾਂ ਨੇ ਕਿਸਾਨ ਆਗੂਆਂ ਧਰਮਿੰਦਰ ਸਿੰਘ, ਗੁਰਜੀਤ ਸਿੰਘ, ਸਰਪੰਚ ਜੋਗਿੰਦਰ ਸਿੰਘ ਕਿਲਾ ਜੀਵਨ ਸਿੰਘ, ਗੁਰਦੇਵ ਸਿੰੰਘ, ਪਰਗਟ ਸਿੰਘ ਮਿਉਕਾ, ਕੁਲਦੀਪ ਸਿੰਘ ਸਰਪੰਚ ਰੱਖ ਮਾਨਾਵਾਲਾ ਤੇ ਪੂਰਨ ਸਿੰਘ ਜੰਡ ਦੀ ਅਗਵਾਈ ਹੇਠ ਪੁਲ ਵਾਲੀ ਜਗ੍ਹਾ ’ਤੇ ਪੱਕਾ ਮੋਰਚਾ ਲਗਾ ਦਿੱਤਾ।
ਕਿਸਾਨ ਆਗੂ ਨਿਜਾਮਪੁਰ ਨੇ ਕਿਹਾ ਅੱਜ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਿਨਾਂ ਚਿਰ ਨਵਾਂ ਪੁਲ ਨਹੀਂ ਬਣ ਜਾਂਦਾ, ਉਨਾਂ ਚਿਰ ਪਹਿਲਾਂ ਬਣੇ ਪੁਲ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਅਤੇ ਸੜਕ ਬਣਾਉਣ ਵਾਲੀ ਕੰਪਨੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਰੋਸਾ ਨਾ ਨਿਭਾਇਆ ਗਿਆ ਤਾਂ ਸੜਕ ਦਾ ਕੰਮ ਮੁਕੁੰਮਲ ਬੰਦ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਪਹਿਲਾਂ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਸੀ।
ਇਸ ਮੌਕੇ ਕਰਨਬੀਰ ਸਿੰਘ, ਹਰਪਾਲ ਸਿੰਘ ਸੋਨੀ, ਸਕੱਤਰ ਸਿੰਘ, ਬਲਦੇਵ ਸਿੰਘ, ਸੁੱਖਰਾਜ ਸਿੰਘ, ਦਲਜੀਤ ਸਿੰਘ, ਬਲਬੀਰ ਸਿੰਘ, ਕੁਲਵਿੰਦਰ ਸਿੰਘ ਜੰਡ ਅਤੇ ਸੁੱਚਾ ਸਿੰਘ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ