ਗੁਰਬਖਸ਼ਪੁਰੀ
ਤਰਨ ਤਾਰਨ, 29 ਮਈ
ਸਰਕਾਰ ਵੱਲੋਂ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਫਿਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨ ਦੋਹਾਂ ਧਿਰਾਂ ਲਈ ਅਨੇਕਾਂ ਮੁਸ਼ਕਲਾਂ ਦਾ ਕਾਰਣ ਬਣ ਰਹੀਆਂ ਹਨ| ਦਹਾਕਿਆਂ ਤੋਂ ਇਸ ਸਿਸਟਮ ਦੇ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣ ਕਰਕੇ ਜਿਥੇ ਨਹਿਰੀ ਸਿਸਟਮ ਦਾ ਭਾਗ ਸੂਇਆਂ, ਖਾਲਾਂ ਨੂੰ ਆਪਣੇ ਖੇਤਾਂ ਵਿੱਚ ਮਿਲਾ ਲੈਣ ਵਾਲੇ ਕਿਸਾਨ ਇਸ ਜ਼ਮੀਨ ਨੂੰ ਛੱਡਣ ਲਈ ਤਿਆਰ ਨਹੀਂ ਹੋ ਰਹੇ ਉਥੇ ਕਈ ਥਾਵਾਂ ‘ਤੇ ਪੁਰਾਣੇ ਮਾਮਲੇ ਦਾ ਰਿਕਾਰਡ ਨਾ ਮਿਲਣ ਕਰਕੇ ਮੁਸ਼ਕਲਾਂ ਬਣੀਆਂ ਹੋਈਆਂ ਹਨ| ਉਸਮਾਂ ਮਾਈਨਰ ਦੇ ਮੋਘਾ ਨੰਬਰ 26882 ਤੋਂ ਨਿਕਲਦੇ ਖਾਲ ਦੀ ਜ਼ਮੀਨ ਦਾ ਮਾਲ ਵਿਭਾਗ ਅਤੇ ਨਹਿਰੀ ਵਿਭਾਗ ਦੇ ਰਿਕਾਰਡ ਵਿੱਚੋਂ ਨਾ ਮਿਲਣ ਦਾ ਮਾਮਲਾ ਇੱਥੇ ਚਰਚਾ ਵਿੱਚ ਹੈ| ਇਸ ਮੋਘੇ ਤੋਂ ਨਿਕਲਦੇ ਖਾਲ ਨਾਲ ਸਬੰਧਤ ਕਿਸਾਨ ਅਮਰਜੀਤ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਪ੍ਰਤਾਪ ਸਿੰਘ, ਜਗਦੀਪ ਸਿੰਘ, ਜੋਗਾ ਸਿੰਘ, ਰਾਜਬੀਰ ਸਿੰਘ ਵਾਸੀ ਰੱਖ ਸ਼ੇਰੋਂ ਨੇ ਅੱਜ ਇਥੇ ਦੱਸਿਆ ਕਿ ਇਸ ਖਾਲ ਤੋਂ ਨਹਿਰੀ ਪਾਣੀ ਲੈਂਦੇ ਰਹੇ ਕੋਈ 50 ਦੇ ਕਰੀਬ ਕਿਸਾਨਾਂ ਦੀ 500 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਨਾ ਮਿਲਣ ਦੀ ਚਿੰਤਾ ਨੇ ਕਿਸਾਨਾਂ ਦੀਆਂ ਰਾਤਾਂ ਦੀਆਂ ਨੀਂਦ ਉਡਾ ਦਿੱਤੀ ਹੈ| ਕਿਸਾਨਾਂ ਨੇ ਕਈ ਅਧਿਕਾਰੀਆਂ ਨੂੰ ਚਿੱਠੀਆਂ ਵੀ ਪਾਈਆਂ ਹਨ। ਉਧਰ, ਨਹਿਰੀ ਵਿਭਾਗ ਦੇ ਐੱਸਡੀਓ ਸੁਖਦੀਪ ਸਿੰਘ ਨੇ ਮੰਨਿਆ ਕਿ ਇਸ ਮੋਘੇ ਨਾਲ ਸਬੰਧਤ ਰਿਕਾਰਡ ਉਪਲਬਧ ਨਾ ਹੋਣ ਕਰਕੇ ਉਨ੍ਹਾਂ ਨੇ ਪਿੰਡ ਵਾਸੀ ਬਿਰਧ ਵਿਅਕਤੀਆਂ ਕੋਲੋਂ ਖਾਲ ਦੀ ਪੁਰਾਣੀ ਸਥਿਤੀ ਦੀ ਪਛਾਣ ਕਰਕੇ ਆਰਜ਼ੀ ਖਾਲ ਬਣਾ ਦਿੱਤਾ ਹੈ। ਇਸ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੇ ਖੇਤਾਂ ਤੱਕ ਝੋਨੇ ਦੇ ਸੀਜ਼ਨ ਤੱਕ ਪਾਣੀ ਪੁੱਜਦਾ ਕੀਤਾ ਜਾਣ ਦੇ ਬੰਦੋਬਸਤ ਕੀਤੇ ਗਏ ਹਨ| ਉਨ੍ਹਾਂ ਸਰਕਾਰੀ ਰਿਕਾਰਡ ਭਾਲਣਾ ਵੀ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਨਹਿਰੀ ਵਿਭਾਗ ਦੇ ਬਾਹਰ ਧਰਨਾ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਬੀਕੇਯੂ ਏਕਤਾ ਆਜ਼ਾਦ ਵੱਲੋਂ ਪਾਣੀਆਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਨਹਿਰੀ ਵਿਭਾਗ ਦੇ ਐੱਸਈ ਦਫਤਰ ਦੇ ਬਾਹਰ ਤਿੰਨ ਰੋਜ਼ਾ ਧਰਨਾ ਸ਼ੁਰੂ ਕਰ ਦਿਤਾ ਹੈ। ਇਸ ਸਬੰਧ ਵਿਚ ਦੋਵਾਂ ਜਥੇਬੰਦੀਆਂ ਵੱਲੋਂ ਪੰਜਾਬ ਪੱਧਰ ‘ਤੇ ਸਾਂਝੇ ਐਕਸ਼ਨ ਵਜੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤਹਿਤ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਨਹਿਰੀ ਵਿਭਾਗ ਦੇ ਦਫਤਰਾਂ ਅਗੇ ਤਿੰਨ ਦਿਨਾਂ ਮੋਰਚੇ ਲਾਏ ਗਏ ਹਨ। ਅੱਜ ਇੱਥੇ ਜ਼ਿਲ੍ਹਾ ਅੰਮ੍ਰਿਤਸਰ ਵੱਲੋ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਨਹਿਰੀ ਵਿਭਾਗ ਦੇ ਐੱਸਈ ਦਫਤਰ ਕੈਂਪਸ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਮੋਰਚੇ ਦੀਆਂ ਮੰਗਾਂ ਬਾਰੇ ਸਟੇਜ ਤੋਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ 100 ਫ਼ੀਸਦ ਵਾਹੀਯੋਗ ਜ਼ਮੀਨ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਨ, ਜਿਸ ਨਾਲ ਖੇਤੀ ਵਰਤੋਂ ਲਈ ਧਰਤੀ ਹੇਠੋ ਪਾਣੀ ਕੱਢਣ ਦੀ ਲੋੜ ਨਾ ਰਹੇ ਆਦਿ ਮੰਗਾਂ ਦਾ ਜ਼ਿਕਰ ਕੀਤਾ | ਸੂਬਾ ਆਗੂ ਸਤਨਾਮ ਸਿੰਘ ਪੰਨੂ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਬੰਡਾਲਾ ਨੇ ਵੀ ਸੰਬੋਧਨ ਕੀਤਾ।