ਅੰਤਰ-’ਵਰਸਿਟੀ ਯੁਵਕ ਮੇਲੇ ਦਾ ਆਗਾਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਰਾਜ ਪੱਧਰੀ ਅੰਤਰ-’ਵਰਸਿਟੀ ਯੁਵਕ ਮੇਲੇ ਦਾ ਆਗਾਜ਼ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਤੌਰ ਮੁੱਖ ਮਹਿਮਾਨ ਕੀਤਾ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਸੰਧੂ ਵੀ ਮੌਜੂਦ ਸਨ।
ਜਾਣਕਾਰੀ ਅਨੁਸਾਰ ਯੁਵਕ ਮੇਲੇ ਵਿੱਚ ਸੂਬੇ ਭਰ ਦੀਆਂ 23 ਯੂਨੀਵਰਸਿਟੀਆਂ ਦੇ ਨੌਜਵਾਨ 52 ਵੱਖ-ਵੱਖ ਵਿਰਾਸਤੀ ਅਤੇ ਸੱਭਿਆਚਾਰਕ ਕਲਾਵਾਂ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ। ਕੁਲਦੀਪ ਸਿੰਘ ਧਾਲੀਵਾਲ ਨੇ ਯੁਵਕ ਸੇਵਾਵਾਂ ਵਿਭਾਗ ਦੇ ਉਪਰਾਲੇ ਅਤੇ ਨੌਜਵਾਨਾਂ ਦੇ ਜੋਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲੇ ਪੰਜਾਬ ਦੇ ਸੁਫ਼ਨੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਹਰ ਮਹੀਨੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਨੌਜਵਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਔਖੇ ਸਮੇਂ ਦੇਸ਼ ਅਤੇ ਰਾਜ ਨਾਲ ਖੜ੍ਹਦੇ ਹਨ ਜਿਸ ਦੀ ਮਿਸਾਲ ਪੰਜਾਬ ਵਿੱਚ ਆਏ ਭਾਰੀ ਹੜ੍ਹਾਂ ਦੌਰਾਨ ਦੇਖਣ ਨੂੰ ਮਿਲੀ।
ਅੱਜ ਪਹਿਲੇ ਦਿਨ ਭੰਗੜੇ ਦੇ ਫਸਵੇਂ ਮੁਕਾਬਲਿਆਂ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਉਦਘਾਟਨ ਸਮਾਰੋਹ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਬਾਅਦ ਦੁਪਹਿਰ ਸਕਿੱਟ ਦੇ ਮੁਕਾਬਲਿਆਂ ਦੌਰਾਨ ਟੀਮਾਂ ਨੇ ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਛੁੂਹਿਆ ਅਤੇ ਆਪਣੀ ਕਲਾਕਾਰੀ ਦਾ ਨਮੂਨਾ ਪੇਸ਼ ਕੀਤਾ। ਇਸ ਤੋਂ ਇਲਾਵਾ ਅੱਜ ਰਿਵਾਇਤੀ ਪਹਿਰਾਵਾ, ਸਮੂਹ ਸ਼ਬਦ, ਸਮੂਹ-ਗੀਤ, ਭੰਡ, ਵਿਰਾਸਤੀ ਕੁਇਜ਼, ਕਲਾਸੀਕਲ ਵੋਕਲ ਸੋਲੋ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ, ਰੁਪਿੰਦਰ ਕੌਰ, ਡਾ.ਅਮਨਦੀਪ ਸਿੰਘ ਤੇ ਇੰਚਾਰਜ ਯੁਵਕ ਭਲਾਈ ਵਿਭਾਗ ਵੱਲੋਂ ਸਮੂਚੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਗਈ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਡੀ ਏ ਵੀ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਮੁਕਾਬਲਿਆਂ ਨੂੰ ਦੇਖਣ ਲਈ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਵੱਲੋਂ ਆਈਆਂ ਅਹਿਮ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
