India US Trade Deal: ਬਾਜਵਾ ਦੀ ਕੋਠੀ ਅੱਗੇ ਪੁਤਲਾ ਫੂਕਿਆ
ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ; ਭਾਰਤ-ਅਮਰੀਕਾ ਦੇ ਵਪਾਰਕ ਸਮਝੌਤੇ ਦਾ ਵਿਰੋਧ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸੰਘਰਸ਼ ਵੱਲੋਂ ਭਾਰਤ-ਅਮਰੀਕਾ (ਮੋਦੀ-ਟਰੰਪ) ਪ੍ਰਸਤਾਵਿਤ ਵਪਾਰਕ ਸਮਝੌਤੇ ਅਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ ਭਾਜਪਾ ਆਗੂਆਂ ਦੇ ਦਫਤਰ ਅਤੇ ਘਰਾਂ ਦੇ ਅੱਗੇ ਮੋਦੀ ਅਤੇ ਟਰੰਪ ਦੇ ਪੁਤਲੇ ਫੂਕੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਭਾਜਪਾ ਦੇ ਸੂਬਾ ਆਗੂ ਫ਼ਤਹਿਜੰਗ ਸਿੰਘ ਬਾਜਵਾ ਦੇ ਘਰ ਅੱਗੇ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਪਾਰਕ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਵੇ। ਪ੍ਰਦਰਸ਼ਨ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਵਿੱਚ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਜਰਮਨਜੀਤ ਸਿੰਘ ਖਹਿਰਾ, ਬਲਾਕ ਮੁਖਤਿਆਰ ਸਿੰਘ ਟਪਈ ਤੋਂ ਇਲਾਵਾ ਮਾਸਟਰ ਟਪਈ, ਗੁਰਵਿੰਦਰ ਸਿੰਘ ਨਠਵਾਲ ਹਾਜ਼ਰ ਸਨ।
ਕਿਸਾਨ ਜਥੇਬੰਦਿਆਂ ਦਾ ਪੱਕਾ ਮੋਰਚਾ ਜਾਰੀ
ਤਰਨ ਤਾਰਨ (ਪੱਤਰ ਪ੍ਰੇਰਕ): ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਹੋਰਨਾਂ ਵਿਭਾਗਾਂ ਨੂੰ ਅਲਾਟ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਗਾਇਆ ਪੱਕਾ ਮੋਰਚਾ ਅੱਜ 40ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਮਨਜੀਤ ਸਿੰਘ ਬੱਗੂ, ਗੁਰਪ੍ਰੀਤ ਸਿੰਘ ਗੱਡੀਵਿੰਡ, ਨਛੱਤਰ ਸਿੰਘ ਪੰਨੂ, ਤਰਸੇਮ ਸਿੰਘ ਲੁਹਾਰ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਹਿਕਾਰੀ ਖੰਡ ਮਿੱਲ ਦੀ ਜ਼ਮੀਨ ਹੋਰਨਾਂ ਵਿਭਾਗਾਂ ਨੂੰ ਦੇਣ ਦੀ ਆਗਿਆ ਨਹੀਂ ਦੇ ਸਕਦੇ ਕਿਉਂਕਿ ਇਹ ਮਿਲ ਕਿਸਾਨਾਂ ਦੇ 60 ਫ਼ੀਸਦੀ ਸ਼ੇਅਰਾਂ ਨਾਲ ਹੋਂਦ ਵਿੱਚ ਆਈ ਸੀ।
